ਅਰੋੜਾ ਦੇ ਯਤਨਾਂ ਨਾਲ ਫਗਵਾੜਾ ਰੋਡ ਦੇ ਦੁਕਾਨਦਾਰਾਂ ਨੂੰ ਮਿਲੀ ਰਾਹਤ

    0
    140

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਬਣਨ ਵਾਲੇ ਓਵਰਬ੍ਰਿਜ (ਆਰ.ਓ.ਬੀ) ਦੇ ਨਿਰਮਾਣ ਕਾਰਜ ਨੂੰ ਰੁਕਵਾਉਣ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਥੇ ਆਰ.ਓ.ਬੀ. ਨਾ ਬਣਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਟਰੈਫਿਕ ਦੇ ਕਾਰਨ ਆਰ.ਓ.ਬੀ. ਨੂੰ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ, ਉਹ ਸਮੱਸਿਆ ਹੁਣ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੇ ਆਰ.ਓ.ਬੀ ਨਾ ਬਣਨ ਨੂੰ ਲੈ ਕੇ ਸੰਘਰਸ਼ ਕਰ ਰਹੇ ਦੁਕਾਨਦਾਰ ਅਤੇ ਇਲਾਕਾ ਵਾਸੀਆਂ ਨਾਲ ਮੀਟਿੰਗ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਲਾਕਾ ਵਾਸੀਆਂ ਦੇ ਹਰ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਮੌਕੇ ’ਤੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸੀਨੀਅਰ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਵੀ ਮੌਜੂਦ ਸਨ।

    ਉਦਯੋਗ ਅਤੇ ਵਣਜ ਮੰਤਰੀ ਨੇ ਮੀਟਿੰਗ ਵਿੱਚ ਹਾਜ਼ਰ ਦੁਕਾਨਦਾਰਾਂ ਦੇ ਸਾਹਮਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਫੋਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦੱਸੀਆਂ ਅਤੇ ਰੇਲਵੇ ਓਵਰਬ੍ਰਿਜ ਦੇ ਕਾਰਜ ਨੂੰ ਨਾ ਸ਼ੁਰੂ ਕਰਨ ਲਈ ਕਿਹਾ, ਜਿਸ ’ਤੇ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਰੇਲਵੇ ਓਵਰਬ੍ਰਿਜ ਦਾ ਕਾਰਜ ਸ਼ੁਰੂ ਨਹੀਂ ਹੋਵੇਗਾ। ਅਰੋੜਾ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਉਪਰ ਉਠ ਕੇ ਹੁਸ਼ਿਆਰਪੁਰ ਵਾਸੀਆਂ ਦੀ ਪਿਛਲੇ ਕਰੀਬ ਸਾਢੇ ਅੱਠ ਸਾਲਾਂ ਤੋਂ ਸੇਵਾ ਕਰ ਰਹੇ ਹਨ ਪਰ ਰੇਲਵੇ ਓਵਰਬ੍ਰਿਜ ਨੂੰ ਲੈ ਕੇ ਲੋਕਾਂ ਦੀ ਸਮੱਸਿਆ ’ਤੇ ਵੀ ਕੁੱਝ ਰਾਜਨੀਤਿਕ ਪਾਰਟੀਆਂ ਆਪਣੀਆਂ ਰੋਟੀਆਂ ਸੇਕਣ ਤੋਂ ਬਾਜ ਨਹੀਂ ਆ ਰਹੀਆਂ। ਉਨ੍ਹਾਂ ਨੇ ਕਿਹਾ ਕਿ ਆਪਣੇ ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਹਨ।

    ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਸ਼ਹਿਰ ਦੇ ਨਾਲ ਲੱਗਦੇ ਪਿਪਲਾਂਵਾਲਾ ਇਲਾਕੇ ਵਿੱਚ ਬਾਈਪਾਸ ਨਹੀਂ ਸੀ ਤਾਂ ਹਰ ਵੱਡਾ ਵਾਹਨ ਇਸ ਰੋਡ ਤੋਂ ਹੀ ਫਗਵਾੜਾ ਲਈ ਗੁਜਰਦਾ ਸੀ ਪਰ ਬਾਈਪਾਸ ਬਣਨ ਤੋਂ ਬਾਅਦ ਇਸ ਰੋਡ ’ਤੇ ਵੱਡੇ ਵਾਹਨਾਂ ਦੀ ਸੰਖਿਆ ਵਿੱਚ ਕਾਫੀ ਗਿਰਾਵਟ ਆਈ ਹੈ, ਜਿਸਦੇ ਚੱਲਦੇ ਇਸ ਰੇਲਵੇ ਟ੍ਰੈਕ ’ਤੇ ਓਵਰਬ੍ਰਿਜ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਇਸ ਦੌਰਾਨ ਏ.ਡੀ.ਸੀ-ਕਮ-ਕਮਿਸ਼ਨਰ ਨਗਰ ਨਿਗਮ ਅਮਿਤ ਕੁਮਾਰ ਪੰਚਾਲ ਨੂੰ ਨਿਰਦੇਸ਼ ਦਿੱਤੇ ਕਿ ਇਸ ਰੋਡ ’ਤੇ ਟਰੈਫਿਕ ਕੰਟਰੋਲ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਇਸ ਸੰਬੰਧੀ ਮੰਗ ਕੀਤੀ ਹੈ ਕਿ ਜਿਸ ਦੇ ਸਕਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਦੌਰਾਨ ਫਗਵਾੜਾ ਰੋਡ ਦੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਆਰ.ਓ.ਬੀ. ਦਾ ਮਾਮਲਾ ਹੱਲ ਕਰਨ ਲਈ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਅਰੋੜਾ ਧੰਨਵਾਦ ਕੀਤਾ।

    ਇਸ ਮੌਕੇ ਰਜਨੀਸ਼ ਟੰਡਨ, ਬਲਵਿੰਦਰ ਬਿੰਦੀ, ਅਵਤਾਰ ਸਿੰਘ ਕਪੂਰ, ਕੁਲਵਿੰਦਰ ਸਿੰਘ ਹੁੰਦਲ, ਗੁਲਸ਼ਨ, ਸੁਨੀਸ਼ ਜੈਨ, ਗੁਰਦੀਪ ਕਟੋਚ, ਸੁਰਿੰਦਰ ਕਾਲਾ, ਜਸਵਿੰਦਰ ਪਾਲ, ਰਾਕੇਸ਼ ਕੁਮਾਰ, ਸੰਜੀਵ ਗੁਪਤਾ, ਕਮਲ ਗੁਪਤਾ, ਈਲਾ ਗੁਪਤਾ, ਰਵੀ ਗੁਪਤਾ, ਵਿਪਨ, ਹਰਜੀਤ, ਸੋਹਣ ਠਾਕੁਰ, ਜਤਿੰਦਰ ਪੁਰੀ, ਵਿਸ਼ੇਸ਼ ਚੰਦਰ, ਕਮਲ ਆਦਿ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here