ਹੁਸ਼ਿਆਰਪੁਰ/ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਵਲੋਂ ਇਕ ਗੁੰਮ ਹੋਏ ਬੱਚੇ ਨੂੰ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਕਸਬੇ ਨਾਲ ਸਬੰਧਤ ਇਕ ਬੱਚਾ ਦੀਪਕ ਉਮਰ ਤਕਰੀਬਨ 6 ਸਾਲ, ਜੋ ਕਿ ਘਰੋ ਦੌੜ ਕੇ ਰੇਲ ਗੱਡੀ ਵਿੱਚ ਚੜ੍ਹ ਗਿਆ ਅਤੇ ਹੈਦਰਾਬਾਦ ਪਹੁੰਚ ਗਿਆ ਸੀ। ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਵਲੋਂ ਉਸਦੇ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਬੱਚਾ 8 ਮਹੀਨੇ ਹੈਦਰਾਬਾਦ ਦੇ ਚਿਲਡਰਨ ਹੋਮ ਵਿੱਚ ਰਿਹਾ ਅਤੇ ਬਾਅਦ ਵਿੱਚ ਇਸ ਬੱਚੇ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਸ਼ਿਫਟ ਕਰ ਦਿੱਤਾ ਗਿਆ ਸੀ। ਬੱਚੇ ਦੀ ਕਾਊਂਸਲਿੰਗ ਕਰਨ ਉਪਰੰਤ ਬੱਚੇ ਨੇ ਆਪਣੇ ਮਾਤਾ-ਪਿਤਾ ਦਾ ਪਤਾ ਖੰਨਾ, ਰੇਲਵੇ ਸਟੇਸ਼ਨ ਨੇੜੇ ਹੋਣ ਬਾਰੇ ਦੱਸਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸਦੇ ਮਾਤਾ-ਪਿਤਾ ਦੀ ਭਾਲ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਲੋਂ ਸ਼ੁਰੂ ਕਰ ਦਿੱਤੀ ਗਈ ਅਤੇ ਖੰਨਾ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਗਿਆ। ਇਸ ਸਬੰਧੀ ਬੱਚੇ ਦੀ ਫੋਟੋ ਵੀ ਉਪਲਬੱਧ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਖੰਨਾ ਪੁਲਿਸ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ, ਜਿਸ ਕਰਕੇ ਬੱਚੇ ਦੇ ਮਾਤਾ-ਪਿਤਾ ਨੂੰ ਲੱਭ ਕੇ ਖੰਨਾ ਦੇ ਐਮ.ਸੀ. ਸ਼੍ਰੀ ਵੇਦ ਪ੍ਰਕਾਸ਼ ਵਲੋਂ ਕੀਤੀ ਤਸਦੀਕ ਦੇ ਅਧਾਰ ‘ਤੇ ਬੱਚਾ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ। ਇਸ ਮੌਕੇ ਬਾਲ ਭਲਾਈ ਕਮੇਟੀ ਮੈਂਬਰ ਸ਼੍ਰੀ ਜਗਮੀਤ ਸਿੰਘ ਸੇਠੀ, ਸ਼੍ਰੀ ਰਸ਼ਪਾਲ ਸਿੰਘ, ਸ੍ਰੀਮਤੀ ਨਾਲੰਦਾ ਸਰੋਆ, ਸ਼੍ਰੀਮਤੀ ਸ਼ਾਲਿਨੀ ਗੁਪਤਾ ਅਤੇ ਸੁਪਰਡੈਂਟ ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਸੁਭਾਸ਼ ਚੰਦਰ ਅਤੇ ਵਿਜੇ ਕੁਮਾਰ ਖੰਨਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।