ਗੜ੍ਹਸ਼ੰਕਰ (ਸੇਖੋਂ ) – ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਕਾਲਜਾਂ ਦੀ ਇਥੋਂ ਦੇ ਬੱਬਰ ਅਕਾਲੀ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੀ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦੇ ਅੱਜ ਫਾਈਨਲ ਮੈਚ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਜੀਐਚਜੀ ਕਾਲਜ ਗੁਰੂਸਰ ਸੁਧਾਰ ਨੂੰ 2-1 ਦੇ ਫਰਕ ਨਾਲ ਹਰਾ ਕੇ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ। ਖਾਲਸਾ ਕਾਲਜ ਮਾਹਿਲਪੁਰ ਦੇ ਖਿਡਾਰੀ ਅਮਨਜੋਤ ਸਿੰਘ ਨੇ ਦੋਵੇ ਗੋਲ ਕੀਤੇ ਜਦ ਕਿ ਗੁਰੂਸਰ ਸੁਧਾਰ ਦੇ ਖਿਡਾਰੀ ਸਲਮਾਨ ਨੇ ਆਪਣੀ ਟੀਮ ਵਲੋਂ ਇਕ ਗੋਲ ਕੀਤਾ। ਇਕ ਵੱਖਰੇ ਮੈਚ ਵਿਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਨੂੰ ਹਰਾਇਆ। ਇਸ ਜਿੱਤ ਨਾਲ ਖਾਲਸਾ ਕਾਲਜ ਮਾਹਿਲਪੁਰ ਅੰਤਰ ਕਾਲਜ ਚੈਂਪੀਅਨ ਬਣਿਆ ਜਦ ਕਿ ਜੀਐਚਜੀ ਕਾਲਜ ਗੁਰੂਸਰ ਸੁਧਾਰ ਦੂਜੇ ਨੰਬਰ ‘ਤੇ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਤੀਜੇ ਨੰਬਰ ‘ਤੇ ਰਿਹਾ। ਇਸ ਤੋਂ ਪਹਿਲਾਂ ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਪ੍ਰਿੰ. ਡਾ. ਪਰਵਿੰਦਰ ਸਿੰਘ, ਪ੍ਰੋ ਸਰਵਣ ਸਿੰਘ, ਹਰਪ੍ਰੀਤ ਸਿੰਘ ਬੈਂਸ, ਤਰਸੇਮ ਭਾਅ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਸਟਾਫ ਨੇ ਚੈਂਪੀਅਨ ਬਣੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਕੈਪਸ਼ਨ-ਅੰਤਰ ਕਾਲਜ ਚੈਂਪੀਅਨਸ਼ਿਪ ਦੀ ਜੇਤੂ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਅਤੇ ਪ੍ਰਬੰਧਕ।