ਚੰਡੀਗੜ੍ਹ (ਜਨਗਾਥਾ ਟਾਈਮਜ਼) ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਵਿੱਚ ਮਾਰਚ ਤਕ ਫਾਸਟਟੈਗ ਲੇਨ ਜ਼ਰੂਰੀ ਕਰ ਦਿੱਤੀ ਜਾਏਗੀ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਸੋਮਵਾਰ ਤੋਂ ਦੇਸ਼ ਭਰ ਦੇ 800 ਪੈਟਰੋਲ ਪੰਪਾਂ ਵਿੱਚ ਡਰਾਈਵਰਾਂ ਨੂੰ ਫਾਸਟਟੈਗ ਬਾਰਕੋਡ ਮੁਹੱਈਆ ਕਰਵਾਏਗੀ। ਇਹ ਬਾਰਕੋਡ ਅਗਲੇ 6 ਮਹੀਨਿਆਂ ਵਿੱਚ ਦੇਸ਼ ਭਰ ’ਚ 25 ਹਜ਼ਾਰ ਪੈਟਰੋਲ ਪੰਪਾਂ ‘ਤੇ ਉਪਲੱਬਧ ਕਰਵਾਏ ਜਾਣਗੇ। ਸੋਮਵਾਰ ਨੂੰ ਸੜਕ ਆਵਾਜਾਈ ਮੰਤਰਾਲੇ ਤੇ ਤੇਲ ਕੰਪਨੀਆਂ ਵਿਚਾਲੇ ਇਸ ਸਬੰਧੀ ਸਮਝੌਤਾ ਹੋਵੇਗਾ।
ਇਸ ਦੇ ਨਾਲ ਹੀ ਦੋ ਅਜਿਹੇ ਮੋਬਾਈਲ ਐਪ ਲਾਂਚ ਕੀਤੇ ਜਾਣਗੇ ਜੋ ਫਾਸਟਟੈਗ ਲਈ ਮਦਦਗਾਰ ਸਾਬਤ ਹੋਣਗੇ। ਫਿਲਹਾਲ ਬਗੈਰ ਫਾਸਟਟੈਗ ਟੋਲ ਤੋਂ ਵਾਹਨ ਗੁਜ਼ਰਨ ਲੱਗਿਆਂ 6 ਮਿੰਟ ਲੱਗਦੇ ਹਨ। ਸੜਕ ਆਵਾਜਾਈ ਮੰਤਰਾਲੇ ਤੇ ਐਨਐਚਏਆਈ ਦੇ ਦੇਸ਼ ਭਰ ਵਿੱਚ 479 ਟੋਲ ਪਲਾਜ਼ਾ ਹਨ। ਇਨ੍ਹਾਂ ਵਿੱਚੋਂ ਕਰੀਬ 425 ਟੋਲ ਵਿੱਚ ਫਾਸਟਗ ਲੇਨ ਉਪਲੱਬਧ ਹੈ। ਬਾਕੀ ਬਚੇ 54 ਟੋਲ ਵਿੱਚ ਇਹ ਸੇਵਾ ਮਾਰਚ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਸੇਵਾ ਸ਼ੁਰੂ ਹੋਣ ਨਾਲ ਵਾਹਨ ਚਾਲਕਾਂ ਦਾ ਟੋਲ ਟੈਕਸ ਦੇਣ ਵਿੱਚ ਲੱਗਣ ਵਾਲਾ ਸਮਾਂ ਬਚੇਗਾ। ਫੈਸਟਟੈਗ ਲੇਨ ਤੋਂ ਬਗੈਰ ਫੈਸਟਟੈਗ ਵਾਲੇ ਵਾਹਨਾਂ ਦੀ ਐਂਟਰੀ ਨਹੀਂ ਹੋਏਗੀ। ਜੇ ਕੋਈ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਜ਼ੁਰਮਾਨਾ ਠੋਕਿਆ ਜਾਏਗਾ, ਹਾਲਾਂਕਿ ਹਾਲੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।
ਫਾਸਟਟੈਗ ਲਈ ਪੈਟਰੋਲ ਪੰਪ ’ਤੇ ਬੂਥ ਬਣਾਇਆ ਜਾਏਗਾ। ਫਾਸਟਟੈਗ ਨੂੰ ਵਾਹਨ ਚਾਲਕ ਦੇ ਬੈਂਕ ਖ਼ਾਤੇ ਤੇ ਪੇਟੀਐਮ ਨਾਲ ਲਿੰਕ ਕੀਤਾ ਜਾਏਗਾ। ਹਾਲੇ ਐਨਐਚਏਆਈ ਰਜਿਸਟਰਡ ਬੈਂਕਾਂ ਜ਼ਰੀਏ ਹੀ ਫਾਸਟਟੈਗ ਕਾਰਡ ਉਪਲੱਬਧ ਕਰਵਾ ਰਿਹਾ ਸੀ। ਇਹ ਇੱਕ ਤਰ੍ਹਾਂ ਦਾ ਬਾਰਕੋਡ ਸਟਿੱਕਰ ਹੈ ਜੋ ਵਾਹਨ ਵਿੱਚ ਲਾਇਆ ਜਾਂਦਾ ਹੈ। ਜਦੋਂ ਵਾਹਨ ਟੋਲ ਟੈਕਸ ਤੋਂ ਗੁਜ਼ਰੇਗਾ ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਏਗਾ ਬਲਕਿ ਜਦੋਂ ਵਾਹਨ ਟੋਲ ਗੇਟ ਦੇ ਐਂਟਰੀ ਪੁਆਇੰਟ ਦੇ ਕਰੀਬ ਪਹੁੰਚੇਗਾ ਤਾਂ ਗੇਟ ’ਤੇ ਲੱਗੇ ਸੈਂਸਰ ਫਾਸਟਟੈਗ ਬਾਰਕੋਡ ਨੂੰ ਸਕੈਨ ਕਰ ਲੈਣਗੇ।