ਮਾਹਿਲਪੁਰ (ਜਨਗਾਥਾ ਟਾਇਮਜ਼)- ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਸੂਬਾ ਪ੍ਰਧਾਨ ‘ਤੇ ਇੱਕ ਔਰਤ ਪ੍ਰੋਫ਼ੈਸਰ ਅਤੇ ਉਸ ਦੇ ਵਕੀਲ ਪਤੀ ਨੇ ਦੋਸ਼ ਲਗਾਏ ਹਨ ਕਿ ਉਸ ਨੇ ਉਨ੍ਹਾਂ ਦੀ ਦਵਾਈ ਲੈਣ ਆਇਆ ਦੀ ਕੁੱਟਮਾਰ ਕੀਤੀ ਅਤੇ ਸਰਕਾਰੀ ਨੌਕਰੀ ਕਰਦੇ ਹੋਣ ਦੇ ਬਾਵਜੂਦ ਵੀ ਉਹ ਹਸਪਤਾਲ ਦੇ ਨਜ਼ਦੀਕ ਆਪਣੇ ਰਿਹਾਇਸ਼ ਵਿਚ ਜੱਚਾ ਬੱਚਾ ਹਸਪਤਾਲ ਚਲਾਉਂਦੀ ਹੈ। ਵਕੀਲ ਅਤੇ ਪ੍ਰੋਫ਼ੈਸਰ ਪਤੀ ਪਤਨੀ ਜੋੜੇ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪ੍ਰਧਾਨ ਦੀ ਡਾਕਟਰ ਪਤਨੀ ਦੀ ਅਣਗਹਿਲੀ ਕਾਰਨ ਉਨਾਂ ਨੂੰ ਆਪਣਾ ਤਿੰਨ ਮਹੀਨੇ ਦੇ ਪੇਟ ਵਿਚਲਾ ਬੱਚਾ ਹੀ ਗੁਆਉਣਾ ਪਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸੀ ਪਤਨੀ ਐਡਵੋਕੇਟ ਗੌਰਵ ਮਨੋਕੋਟੀਆ ਵਾਸੀ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਅਤੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ। 25 ਜੁਲਾਈ ਦੀ ਬਾਅਦ ਦੁਪਹਿਰ ਨੂੰ ਉਸ ਦੇ ਪੇਟ ਵਿਚ ਦਰਦ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਚਾਰ ਵਜੇ ਦੇ ਕਰੀਬ ਦਵਾਈ ਲੈਣ ਲਈ ਸਿਵਲ ਹਸਪਤਾਲ ਮਾਹਿਲਪੁਰ ਆਏ। ਉਸ ਨੇ ਦੱਸਿਆ ਕਿ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਨੇ ਦੱਸਿਆ ਕਿ ਇੱਥੋਂ ਦੀ ਗਾਇਨੀ ਮਾਹਿਰ ਡਾਕਟਰ ਪਰਮਜੀਤ ਕੌਰ ਨਜ਼ਦੀਕ ਹੀ ਆਪਣੀ ਰਿਹਾਇਸ਼ ਵਿਚ ਵੀ ਔਰਤਾਂ ਦਾ ਚੈਕਅੱਪ ਕਰਦੀ ਹੈ। ਉਸ ਨੇ ਦੱਸਿਆ ਕਿ ਡਾਕਟਰ ਪਰਮਜੀਤ ਵਲੋਂ ਘਰ ਵਿਚ ਖ਼ੋਹਲੇ ਹਸਪਤਾਲ ਵਿਚ ਉਹ ਚਲੇ ਗਏ। ਉਸ ਨੇ ਦੱਸਿਆ ਕਿ ਉੱਥੇ ਮੌਜੂਦ ਹਸਪਤਾਲ ਵਿਚ ਸੁਨੀਤਾ ਪਤਨੀ ਅਜੈਬ ਸਿੰਘ ਜੋ ਕਿ ਡਾਕਟਰ ਦੀ ਸਹਾਇਕ ਹੈ ਨੇ ਉਨ੍ਹਾਂ ਕੋਲੋਂ 500 ਰੁਪਏ ਫ਼ੀਸ ਲੈ ਲਈ ਪਰੰਤੂ ਡਾਕਟਰ ਉਸ ਨੂੰ ਚੈਕ ਕਰਨ ਲਈ ਨਾ ਆਈ। ਉਨ੍ਹਾਂ ਦੱਸਿਆ ਕਿ ਡਾਕਟਰ ਦੀ ਸਹਾਇਕ ਨੇ ਡਾਕਟਰ ਵਲੋਂ ਲਿਖ਼ੀ ਪਰਚੀ ਅਨੁਸਾਰ ਉਸ ਦੇ ਇੱਕ ਟੀਕਾ ਲਗਾ ਦਿੱਤਾ ਜਿਸ ਕਾਰਨ ਉੱਥੇ ਹੀ ਉਸ ਦੀ ਤਬੀਅਤ ਵਿਗੜ ਗਈ। ਉਨ੍ਹਾਂ ਦੱਸਿਆ ਕਿ ਡਾਕਟਰ ਨੇ ਪਰਮਜੀਤ ਕੌਰ ਨੇ ਬਾਅਦ ਵਿਚ ਆ ਕੇ ਉਸ ਦੀ ਪਤਨੀ ਨੂੰ ਚੈਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੁਸ਼ਿਆਰਪੁਰ ਵਿਖ਼ੇ ਸਕੈਨ ਕਰਨ ਲਈ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪੇਟ ਵਿਚ ਬੱਚੇ ਦੀ ਮੌਤ ਹੋ ਗਈ ਹੈ। ਉਸ ਨੇ ਦੋਸ਼ ਲਗਾਇਆ ਕਿ ਡਾਕਟਰ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਪੇਟ ਵਿਚ ਮੌਤ ਹੋ ਗਈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਡਾਕਟਰ ਦੀ ਰਿਹਾਇਸ਼ ਵਿਚ ਵਿਚ ਮੁੜ ਚੈਕ ਕਰਵਾਉਣ ਅਤੇ ਆਪਣੀ ਨੌਕਰੀ ਲਈ ਮੈਡੀਕਲ ਛੁੱਟੀ ਲਿਖ਼ਣ ਲਈ ਕਹਿਣ ਗਏ ਤਾਂ ਉੱਥੇ ਡਾਕਟਰ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਸਹਾਇਕ ਨੇ ਉੱਥੇ ਇੱਕ ਵਿਅਕਤੀ ਨੂੰ ਬੁਲਾ ਲਿਆ ਜਿਸ ਨੇ ਕਿਹਾ ਕਿ ਉਹ ਸਰਟੀਫ਼ਿਕੇਟ ਬਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਡਾਕਟਰ ਪਰਮਜੀਤ ਕੌਰ ਨੂੰ ਹੀ ਬੁਲਾਉਣ ਦੀ ਗਲ ਕੀਤੀ ਤਾਂ ਉਸ ਵਿਅਕਤੀ ਜਿਸ ਦਾ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਡਾਕਟਰ ਦਿਲਬਾਗ ਰਾਏ ਹੈ ਨੇ ਉਸ ‘ਤੇ ਹਮਲਾ ਕਰਕੇ ਉਸ ਦੇ ਪਤੀ ਗੌਰਵ ਮਨੋਕੋਟੀਆ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਤਬੀਅਤ ਫ਼ਿਰ ਵਿਗੜਨ ਲੱਗੀ ਤਾਂ ਉਹ ਸਿਵਲ ਹਸਪਤਾਲ ਮਾਹਿਲਪੁਰ ਆ ਗਏ ਜਿੱਥੇ ਉਨ੍ਹਾਂ ਨੂੰ ਛੇ ਨੰਬਰ ਕਮਰੇ ਵਿਚ ਭੇਜਿਆ ਜਿੱਥੇ ਡਾਕਟਰ ਪਰਮਜੀਤ ਕੌਰ ਪਹਿਲਾਂ ਹੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਡਾਕਟਰ ਉਨ੍ਹਾਂ ਨੂੰ ਦੇਖ਼ ਕੇ ਘਬਰਾ ਗਈ ਅਤੇ ਆਪਣੇ ਕਮਰੇ ਦਾ ਕੁੰਡਾ ਲਗਾ ਕੇ ਆਪਣੀ ਗਲਤੀ ਮੰਨਣ ਲੱਗ ਪਈ। ਉਸ ਨੇ ਦੋਸ਼ ਲਗਾਇਆ ਕਿ ਸਿਵਲ ਹਸਪਤਾਲ ਵਿਚ ਸਰਕਾਰੀ ਨੌਕਰੀ ਕਰਦੀ ਪਰਮਜੀਤ ਕੌਰ ਆਪਣੇ ਪੇਸ਼ੇ ਦੌਰਾਨ ਸਿਵਲ ਹਸਪਤਾਲ ਵਿਚ ਨੌਕਰੀ ਕਰਦੀ ਹੋਣ ਦੇ ਬਾਵਜੂਦ ਵੀ ਆਪਣੇ ਨਜ਼ਦੀਕੀ ਘਰ ਵਿਚ ਬਣਾਏ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਦੀ ਲੁੱਟ ਖ਼ਸੁੱਟ ਕਰਦੀ ਹੈ।
ਕੀ ਕਹਿੰਦੇ ਹਨ ਡਾਕਟਰ ਪਰਮਜੀਤ ਕੌਰ-ਇਸ ਸਬੰਧੀ ਡਾਕਟਰ ਪਰਮਜੀਤ ਕੌਰ ਨੇ ਕਿਹਾ ਕਿ ਦੋਨੋ ਪਤੀ ਪਤਨੀਸਰਾਸਰ ਝੂਠ ਬੋਲ ਰਹੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਚੈਕ ਕਰਨ ਤੋਂ ਬਾਅਦ ਦੀ ਦੱਸ ਦਿੱਤਾ ਕਿ ਬੱਚੇ ਦੀ ਗਰਭ ਵਿਚ ਮੌਤ ਹੋ ਚੁੱਕੀ ਹੈ। ਸਕੈਨ ਕਰਵਾਉਣ ਲਈ ਭੇਜਿਆ ਸੀ ਤਾਂ ਜੋ ਪੇਟ ਵਿਚ ਇੰਨਫ਼ੈਕਸ਼ਨ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਵਕੀਲ ਗੌਰਵ ਆਪਣੀ ਪਤਨੀ ਲਈ ਮੈਡੀਕਲ ਸਰਟੀਫ਼ਿਕੇਟ ਗੈਰ ਕਾਨੂੰਨੀ ਢੰਗ ਨਾਲ ਮੰਗਦਾ ਸੀ ਜਿਹੜਾ ਉਹ ਦੇ ਨਹੀਂ ਸੀ ਸਕਦੇ ਇਸ ਕਰਕੇ ਉਹ ਝੂਠੇ ਇਲਜਾਮ ਲਗਾ ਰਿਹਾ ਹੈ।
ਕੀ ਕਹਿੰਦੇ ਹਨ ਡਾਕਟਰ ਦਿਲਬਾਗ ਰਾਏ-ਇਸ ਸਬੰਧੀ ਪੰਜਾਬ ਭਾਜਪਾ ਐਸ ਸੀ ਮੋਰਚਾ ਦੇ ਪ੍ਰਧਾਨ ਡਾਕਟਰ ਦਿਲਬਾਗ ਰਾਏ ਨੇ ਦੱਸਿਆ ਕਿ ਵਕੀਲ ਗੌਰਵ ਮਨੋਕੋਟੀਆ ਨੇ ਉਸ ਦੇ ਘਰ ਆ ਕੇ ਬਿਨਾ ਮਤਲਬ ਤੋਂ ਉਸ ਨੂੰ ਗਾਲਾਂ ਕੱਢੀਆ ਅਤੇ ਉਨ੍ਹਾਂ ‘ਤੇ ਹਮਲਾ ਕੀਤਾ। ਉਨ੍ਹਾਂ ਤਾਂ ਸਿਰਫ਼ ਲੜਾਈ ਤੋਂ ਬਚਣ ਲਈ ਉਨ੍ਹਾਂ ਤਾਂ ਸਿਰਫ਼ ਉਸ ਨੂੰ ਆਪਣੇ ਘਰ ਤੋਂ ਬਾਹਰ ਹੀ ਕੱਢਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਂ ਆਪਣੀ ਪੋਜ਼ੀਸ਼ਨ ਦੇਖ਼ਦੇ ਹੋਏ ਇਸ ਗੱਲ ਨੂੰ ਨਿਬੇੜਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਵਕੀਲ ਆਪਣੇ ਲਈ ਗਲਤ ਕੰਮ ਕਰਵਾਉਣ ਲਈ ਵਜਿਦ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਇਸ ਸਬੰਧੀ ਥਾਣਾ ਮੁਖ਼ੀ ਸੁਭਾਸ ਬਾਠ ਨੇ ਕਿਹਾ ਕਿ ਦੋਹਾਂ ਪਾਸਿਓਂ ਤੋਂ ਸ਼ਿਕਾਇਤਾਂ ਆਈਆਂ ਹਨ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਡਾਕਟਰ ਦਿਲਬਾਗ ਰਾਏ ਨੇ ਤਾਂ ਕਈ ਵਾਰ ਪੀੜਿਤ ਧਿਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਔਰਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ।
ਫ਼ੋਟੋ 26 ਲੋਈ 01, ਏ
ਪੀੜਿਤ ਪ੍ਰੋਫ਼ੈਸਰ ਪ੍ਰਿੰਸੀ ਨੂੰ ਮੈਡੀਕਲ ਲਈ ਲੈ ਕੇ ਜਾਂਦੇ ਮਹਿਲਾ ਪੁਲਿਸ ਅਤੇ ਐਸ ਐਮ ਓ ਨਾਲ ਗਲਬਾਤ ਕਰਦੇ ਹੋਏ ਐਡਵੋਕੇਟ ਗੌਰਵ ਮਨੋਕੋਟੀਆ।