ਮਾਹਿਲਪੁਰ (ਸੇਖ਼ੋ) -ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕਾਲਜ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਕੇ 19 ਸਾਲ ਤੋਂ ਘੱਟ ਉਮਰ ਵਰਗ ਦੇ ਵਿਦਿਆਰਥੀ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਤਰਾਸ਼ਣ ਦੇ ਉਦੇਸ਼ ਨਾਲ ਬਣਾਈ ਗਈ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਅਕੈਡਮੀ ਨੂੰ ਮਾਹਿਲਪੁਰ ਦੇ ਪ੍ਰਸਿੱਧ ਖੇਡ ਪ੍ਰਮੋਟਰ ਤਰਸੇਮ ਭਾਅ ਵਲੋਂ ਵੀਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ ਗਈ ਹੈ। ਇਸ ਸਹਾਇਤਾ ਰਾਸ਼ੀ ਦਾ ਚੈੱਕ ਤਰਸੇਮ ਭਾਅ ਵਲੋਂ ਅੱਜ ਸਿੱਖ ਵਿਦਿਅਕ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਅਤੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਤਰਸੇਮ ਭਾਅ ਨੇ ਕਿਹਾ ਕਿ ਪ੍ਰਿੰਸੀਪਲ ਹਰਭਜਨ ਸਿੰਘ ਦੇ ਨਾਮ ‘ਤੇ ਫੁੱਟਬਾਲ ਅਕੈਡਮੀ ਬਣਾਉਣਾ ਮੈਨੇਜਮੈਂਟ ਅਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਦੀ ਦੂਰ ਦ੍ਰਿਸ਼ਟੀ ਦੀ ਮਿਸਾਲ ਹੈ ਅਤੇ ਇਹ ਅਕੈਡਮੀ ਫੁੱਟਬਾਲ ਦੇ ਖੇਤਰ ਵਿਚ ਸਟਾਰ ਖਿਡਾਰੀ ਪੈਦਾ ਕਰੇਗੀ। ਇਸ ਮੌਕੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਤਰਸੇਮ ਭਾਅ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖਿਡਾਰੀਆਂ ਲਈ ਵਰਦੀਆਂ ਅਤੇ ਹੋਰ ਖੇਡ ਸਮੱਗਰੀ ਦੇ ਫੰਡਾਂ ਵਿਚ ਇਸ ਰਾਸ਼ੀ ਦੀ ਵਰਤੋਂ ਕੀਤੀ ਜਾਵੇਗੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ, ਡਾ. ਚੰਦਰ ਸ਼ੇਖਰ,ਪ੍ਰੋ ਇਕਬਾਲ ਸਿੰਘ, ਪ੍ਰੋ ਹੇਮ ਰਾਜ ਆਦਿ ਵੀ ਹਾਜ਼ਰ ਸਨ।
ਕੈਪਸ਼ਨ- ਸਿੱਖ ਵਿਦਿਅਕ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ,ਸਕੱਤਰ ਗੁਰਿੰਦਰ ਸਿੰਘ ਬੈਂਸ,ਪਿੰ੍ਰ ਪਰਵਿੰਦਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਖੇਡ ਪ੍ਰਮੋਟਰ ਤਰਸੇਮ ਭਾਅ ਅਤੇ ਹਾਜ਼ਰ ਅਧਿਆਪਕ।