ਮਾਹਿਲਪੁਰ (ਸੇਖ਼ੋ) -ਸਿੱਖ ਵਿਦਿਅਕ ਕੌਂਸਲ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ਪਿਛਲੇ ਦਿਨੀਂ ਸਕੂਲ ਦੇ ਪ੍ਰਿੰਸੀਪਲ ਜੇ.ਸੀ. ਕੁਰੀਅਨ ਵਲੋਂ ਇਕ ਬੱਚੀ ਨਾਲ ਕੀਤੀ ਛੇੜਖਾਨੀ ਖ਼ਿਲਾਫ਼ ਕੌਂਸਲ ਦੇ ਅਹੁਦੇਦਾਰਾਂ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਮੁੱਦੇ ਨੂੰ ਗਲਤ ਅਨਸਰਾਂ ਵਲੋਂ ਆਪਣੇ ਨਿੱਜੀ ਮੁਫਾਦ ਲਈ ਵਰਤਣ ਤੋਂ ਵਰਜਿਆ ਹੈ। ਇਸ ਸਬੰਧੀ ਅੱਜ ਸਕੂਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਅਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਸਮੁੱਚੀ ਕਮੇਟੀ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਇਸ ਮਾਮਲੇ ਵਿਚ ਹਰ ਕਿਸਮ ਦੀ ਜਾਂਚ ਅਤੇ ਸਹਿਯੋਗ ਲਈ ਪੁਲੀਸ ਨੂੰ ਸਹਿਯੋਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕੁਝ ਗਲਤ ਅਨਸਰ ਅਤੇ ਅਖੌਤੀ ਆਗੂ ਇਸ ਮਾਮਲੇ ‘ਤੇ ਸਿਆਸੀ ਰੋਟੀਆਂ ਸੇਕ ਰਹੇ ਹਨ ਜੋ ਕਿ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰਿੰਸੀਪਲ ਵਲੋਂ ਕੀਤੀ ਹਰਕਤ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਕਮੇਟੀ ਨੇ ਹੰਗਾਮੀ ਮੀਟਿੰਗ ਕਰਕੇ ਪ੍ਰਿੰਸੀਪਲ ਜੇ ਸੀ ਕੁਰੀਅਨ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਹੈ ਅਤੇ ਮਾਹਿਲਪੁਰ ਪੁਲੀਸ ਨੇ ਕਥਿਤ ਦੋਸ਼ੀ ਖ਼ਿਲਾਫ਼ ਉਸੇ ਵੇਲੇ ਐਫਆਈਆਰ ਦਰਜ ਕੀਤੀ ਹੈ । ਉਨ•ਾਂ ਕਿਹਾ ਕਿ ਇਹ ਸੰਸਥਾ ਇਲਾਕੇ ਦੀ ਨਾਮਵਰ ਸੰਸਥਾ ਹੈ ਜਿਸ ਨੂੰ ਮੁੱਠੀ ਭਰ ਲੋਕਾਂ ਵਲੋਂ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪ੍ਰਿੰਸੀਪਲ ਨੂੰ ਕਮੇਟੀ ਵਲੋਂ ਭਜਾਉਣ ਸਬੰਧੀ ਕੁਝ ਲੋਕਾਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਅਤੇ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਵਾਸੀਆਂ ਨੂੰ ਯਕੀਨ ਦੁਆਇਆ ਕਿ ਸਕੂਲ ਵਿਚ ਪੜ੍ਹਦੇ ਹਰ ਬੱਚੇ ਦੀ ਸੁਰੱਖਿਆ ਲਈ ਪ੍ਰਬੰਧਕ ਵਚਨਬੱਧ ਹਨ ਅਤੇ ਇਸ ਵੇਲੇ ਸਕੂਲ ਦੇ ਪ੍ਰਬੰਧਕ , ਸਟਾਫ਼ ਅਤੇ ਵਿਦਿਆਰਥੀ ਸਬੰਧਤ ਪਰਿਵਾਰ ਦੇ ਨਾਲ ਖੜ੍ਹੇ ਹਨ। ਇਸ ਮੌਕੇ ਉਨ੍ਹਾਂ ਪੁਲੀਸ ਪ੍ਰਸ਼ਾਸ਼ਨ ਤੋਂ ਦੋਸ਼ੀ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਸਬੰਧਤ ਪਰਿਵਾਰ ਨੂੰ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ,ਵੀਰਇੰਦਰ ਸ਼ਰਮਾ,ਅੱਛਰ ਸਿੰਘ ਜੋਸ਼ੀ ਆਦਿ ਵੀ ਹਾਜ਼ਰ ਸਨ।ਕੈਪਸ਼ਨ- ਪ੍ਰੈਸ ਕਾਨਫਰੰਸ ਮੌਕੇ ਹਾਜ਼ਰ ਇੰਦਰਜੀਤ ਸਿੰਘ ਭਾਰਟਾ,ਗੁਰਿੰਦਰ ਸਿੰਘ ਬੈਂਸ,ਪ੍ਰਿੰ ਪਰਵਿੰਦਰ ਸਿੰਘ,ਬੀਰਇੰਦਰ ਸ਼ਰਮਾ ਅਤੇ ਅੱਛਰ ਸਿੰਘ ਜੋਸ਼ੀ ।