ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਰੋਹ ਅਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ

    0
    157

    ਮਾਹਿਲਪੁਰ (ਸੇਖੋਂ ) -ਸਿੱਖ ਵਿਦਿਅਕ ਕੌਂਸਲ ਅਧੀਨ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਰੋਹ ਅਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਉਪਰੰਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕੀਤਾ। ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਸਵਾਗਤੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਸਮਾਰੋਹਾਂ ਤੋਂ ਹੋਰ ਸਿੱਖਣ ਦੀ ਅਪੀਲ ਕੀਤੀ। ਇਸ ਮੌਕੇ ਕਰਵਾਏ ਸੈਮੀਨਾਰ ਦੌਰਾਨ ਡਾ. ਜਸਵੰਤ ਸਿੰਘ ਨੇ ਗੁਰੂ ਨਾਨਕ ਬਾਣੀ ਦੇ ਮੂਲ ਸਰੋਕਾਰ ਅਤੇ ਡਾ. ਗੁਰਮੇਲ ਸਿੰਘ ਨੇ ਗੁਰੂ ਨਾਨਕ ਬਾਣੀ ਅਤੇ ਸ਼ਖ਼ਸੀਅਤ ਬਾਰੇ ਆਪਣੇ ਖੋਜ ਪੱਤਰ ਪੇਸ਼ ਕੀਤੇ।ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਵਿਚਾਰ ਪੇਸ਼ ਕੀਤੇ। ਸਮਾਰੋਹ ਦੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਮੂਲ ਨੁਕਤਿਆਂ ਬਾਰੇ ਵਡਮੁੱਲੇ ਵਿਚਾਰ ਰੱਖੇ। ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਧੰਨਵਾਦੀ ਸ਼ਬਦ ਕਹੇ ਅਤੇ ਅਜਿਹੇ ਸੈਮੀਨਾਰਾਂ ਦੀ ਵਿਦਿਆਰਥੀ ਜੀਵਨ ਵਿਚ ਮਹੱਤਤਾ ਬਾਰੇ ਵਿਚਾਰ ਰੱਖੇ। ਇਸ ਮੌਕੇ ਰੈਡ ਰੀਵਨ ਕਲੱਬ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਖੂਨਦਾਨੀਆਂ ਨੇ 73 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਕਾਲਜ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਗਏ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕੌਂਸਲ ਦੇ ਅਹੁਦੇਦਾਰਾਂ ਵਿਚ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਗੁਰਮੇਲ ਸਿੰਘ ਗਿੱਲ ਖੜੌਦੀ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਵੀਰਇੰਦਰ ਸ਼ਰਮਾ, ਪ੍ਰੋ ਸਰਵਣ ਸਿੰਘ ਆਦਿ ਸਮੇਤ ਕੌਂਸਲ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਬੀਐਡ ਕਾਲਜ ਅਤੇ ਡਿਗਰੀ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਮੰਚ ਦੀ ਕਾਰਵਾਈ ਪ੍ਰੋ ਜਸਵਿੰਦਰ ਸਿੰਘ ਨੇ ਚਲਾਈ।

    LEAVE A REPLY

    Please enter your comment!
    Please enter your name here