ਮਾਹਿਲਪੁਰ (ਸੇਖ਼ੋ) – ਖੇਤਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਪਿੰਡ ਕਹਾਰਪੁਰ ਵਿਖੇ ਲਗਾਏ ਜਾ ਰਹੇ ਸੱਤ ਦਿਨਾਂ ਐਨਐਸਐਸ ਕੈਂਪ ਲਈ 100 ਦੇ ਲਗਭਗ ਵਲੰਟੀਅਰ ਵਿਦਿਆਰਥੀਆਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਮੌਕੇ ਪ੍ਰਿੰ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਕੈਂਪਾਂ ਦੁਆਰਾ ਸਮਾਜ ਭਲਾਈ ਵਿਚ ਪਾਉਣ ਵਾਲੇ ਯੋਗਦਾਨ ਲਈ ਪ੍ਰੇਰਿਤ ਕੀਤਾ। ਯੂਨਿਟ ਇੰਚਾਰਜ ਪ੍ਰੋ ਸੌਰਭ ਰਾਣਾ ਅਤੇ ਪ੍ਰੋ ਬਲਬੀਰ ਕੌਰ ਰੀਹਲ ਨੇ ਵਿਦਿਆਰਥੀਆਂ ਵਲੋਂ ਪਿੰਡ ਵਿਖੇ ਕੀਤੇ ਜਾਣ ਵਾਲੇ ਸਰਵੇ ਅਤੇ ਹੋਰ ਭਲਾਈ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਅਜਿਹੇ ਕੈਂਪਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ ਗਈ। ਕੈਂਪ ਦੀ ਸ਼ੁਰੂਆਤ ਮੌਕੇ ਵਾਤਵਰਣ ਪ੍ਰੇਮੀ ਅਤੇ ਲੇਖਕ ਵਿਜੇ ਬੰਬੇਲੀ ਨੇ ਵਿਦਿਆਰਥੀਆਂ ਨੂੰ ਮਿੱਟੀ ਅਤੇ ਜਲ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਆਰਟੀਆਈ ਕਾਰਕੁੰਨ ਜੈ ਗੋਪਾਲ ਧੀਮਾਨ ਨੇ ਸੰਵਿਧਾਨਕ ਅਧਿਕਾਰਾਂ ਬਾਰੇ ਚਾਨਣਾ ਪਾਇਆ। ਇਸੇ ਮੌਕੇ ਪਿੰਡ ਕਹਾਰਪੁਰ ਦੇ ਸਰਪੰਚ ਗਿਆਨ ਸਿੰਘ,ਸਾਬਕਾ ਸਰਪੰਚ ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਹਰ ਸਹਿਯੋਗ ਦਾ ਭਰੋਸਾ ਦਿੱਤਾ। ਕੈਂਪ ਦੀ ਰਵਾਨਗੀ ਮੌਕੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ,ਸਹਾਇਕ ਮੈਨੇਜਰ ਗੁਰਮੇਲ ਸਿੰਘ ਗਿੱਲ,ਮਾਸਟਰ ਵਰਿੰਦਰ ਸ਼ਰਮਾ ਆਦਿ ਸਮੇਤ ਕਾਲਜ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਕੈਪਸ਼ਨ- ਐਨਐਸਐਸ ਕੈਂਪ ਦੀ ਰਵਾਨਗੀ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ,ਪ੍ਰਿੰਸੀਪਲ ਅਤੇ ਸਟਾਫ਼ ਨਾਲ ਹਾਜ਼ਰ ਵਿਦਿਆਰਥੀ।