ਮਾਹਿਲਪੁਰ (ਸੇਖ਼ੋ) – ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਕੈਂਪਸ ਵਿਚ ਚੱਲ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਐਲਾਨਿਆ ਨਤੀਜਾ ਸੋ ਫੀਸਦੀ ਰਿਹਾ ਹੈ। ਅੱਜ ਕਾਲਜ ਵਿਖੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਇਸ ਨਤੀਜੇ ਤਹਿਤ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰ. ਪਰਵਿੰਦਰ ਸਿੰਘ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਚੰਗੇ ਖਿਡਾਰੀਆਂ ਅਤੇ ਚੰਗੀਆਂ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਪ੍ਰਬੰਧਕੀ ਸਟਾਫ਼ ਨੇ ਦੱਸਿਆ ਕਿ ਬਾਰਵੀਂ ਜਮਾਤ ਦੀ ਮੈਡੀਕਲ ਸਟਰੀਮ ਵਿਚ ਵਿਦਿਆਰਥਣ ਦੀਕਸ਼ਾ ਨੇ 92.4 ਫੀਸਦੀ ਅੰਕਾਂ ਨਾਲ ਪਹਿਲਾ,ਰੀਤਿਕਾ ਨੇ 79.1 ਫੀਸਦੀ ਨਾਲ ਦੂਜਾ ਅਤੇ ਦੀਪਿਕਾ ਨੇ 76.4 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਨਾਨ ਮੈਡੀਕਲ ਸਟਰੀਮ ਵਿਚ ਲਵਪ੍ਰੀਤ ਕੌਰ ਨੇ 87.5 ਫੀਸਦੀ ਅੰਕਾਂ ਨਾਲ ਪਹਿਲਾ,ਮਨਪ੍ਰੀਤ ਕੌਰ ਨੇ 87.1 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਿਤੇਸ਼ ਕੁਮਾਰ ਨੇ 85.5 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਮਰਸ ਸਟਰੀਮ ਵਿਚ ਬਲਕਰਨ ਸਿੰਘ ਨੇ 86.4 ਫੀਸਦੀ ਅੰਕਾਂ ਨਾਲ ਪਹਿਲਾ,ਗੁਰਦੀਪ ਸਿੰਘ ਨੇ 84.2 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸਮੀਨ ਕੌਰ ਨੇ 84 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਉਕਤ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਦੇ ਕੇ ਨਿਵਾਜਿਆ ਗਿਆ। ਸਮਾਰੋਹ ਮੌਕੇ ਸਕੂਲ ਅਤੇ ਕਾਲਜ ਦੇ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।
ਕੈਪਸ਼ਨ- ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਨਮਾਨ ਮੌਕੇ ਪ੍ਰਿੰ ਡਾ. ਪਰਵਿੰਦਰ ਸਿੰਘ ਅਤੇ ਹਾਜ਼ਰ ਸਟਾਫ਼।