ਚੰਡੀਗੜ੍ਹ(ਜਨਗਾਥਾ ਟਾਈਮਜ਼) ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਬੱਚਿਆਂ ਤੇ ਅਧਿਆਪਕਾਂ ਸਾਹਮਣੇ ਮਹਿਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਬਦਤਮੀਜ਼ੀ ਕੀਤੀ। ਦਰਅਸਲ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਚੱਲ ਰਿਹਾ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਪ੍ਰੋਗਰਾਮ ਵਿੱਚ ਦੇਰ ਨਾਲ ਪੁੱਜੇ ਸਨ। ਦਰਅਸਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਸਿੱਖਿਆ ਅਫ਼ਸਰ ਦਾ ਲੇਟ ਆਉਣਾ ਰਾਸ ਨਾ ਆਇਆ। ਇਸੇ ਕਰਕੇ ਉਨ੍ਹਾਂ ਨੇ ਮਹਿਲਾ ਸਿੱਖਿਆ ਅਫ਼ਸਰ ਦੀ ਸਭ ਦੇ ਸਾਹਮਣੇ ਕਲਾਸ ਲਾ ਦਿੱਤੀ। ਇੱਥੋਂ ਤਕ ਕਿ ਉਨ੍ਹਾਂ ਨੂੰ ਸਭ ਦੇ ਸਾਹਮਣੇ ਬਾਹਰ ਦਾ ਰਾਹ ਵਿਖਾ ਦਿੱਤਾ। ਹਾਲਾਂਕਿ ਸਵਰਨ ਕੌਰ ਨੇ ਲੇਟ ਆਉਣ ਲਈ ਮੁਆਫ਼ੀ ਵੀ ਮੰਗ ਲਈ ਸੀ।
ਸੋਸ਼ਲ ਮੀਡੀਆ ’ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਇਸ ਹਰਕਤ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਕਈ ਲੀਡਰਾਂ ਤੇ ਆਮ ਲੋਕਾਂ ਨੇ ਮੰਤਰੀ ਦੇ ਇਸ ਵਿਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ।