ਚੰਡੀਗੜ੍ਹ, ਜਨਗਾਥਾ ਟਾਇਮਸ: (ਰੁਪਿੰਦਰ)
ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਅਕਸਰ ਚਰਚਾ ‘ਚ ਰਹਿਣ ਵਾਲੇ ਸਿੱਧੂ ਮੁੜ ਸੁਰਖੀਆਂ ‘ਚ ਹਨ। ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚੁੱਪ ਵੱਟੀ ਬੈਠੇ ਸਿੱਧੂ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਦਰਅਸਲ ਸਿੱਧੂ ਨੇ ਗਿੱਪੀ ਗਰੇਵਾਲ ਦੇ ਗੀਤ ‘ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ’ ਨੂੰ ‘ਤੇ ਵੀਡੀਓ ਬਣਾ ਕੇ ਫੇਸਬੁੱਕ ‘ਤੇ ਸਾਂਝੀ ਕੀਤੀ ਹੈ।
ਇੰਝ ਜਾਪ ਰਿਹਾ ਕਿ ਸਿੱਧੂ ਦਾ ਸਿੱਧੇ ਤੌਰ ‘ਤੇ ਇਹ ਕੈਪਟਨ ਸਰਕਾਰ ਨੂੰ ਤੰਜ ਹੈ। ਕਿਉਂਕਿ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਪਿਛਲੇ ਲੰਮੇ ਸਮੇਂ ਤੋਂ ਮਤਭੇਦ ਚੱਲ ਰਹੇ ਹਨ। ਉਨ੍ਹਾਂ ਵੀਡੀਓ ‘ਚ ਗਿੱਪੀ ਦੇ ਗਾਣੇ ਦੇ ਨਾਲ-ਨਾਲ ਆਪਣੀ ਜ਼ੁਬਾਨੀ ਵੀ ਕੁੱਝ ਗੱਲਾਂ ਆਖੀਆਂ ਹਨ।
ਸਿੱਧੂ ਨੇ ਕਿਹਾ ਕਿ ਪੰਜਾਬ ਮੁੱਦਿਆਂ ਨਾਲ ਉੱਚਾ ਉੱਠੇਗਾ। ਸਿੱਧੂ ਨੇ ਕਿਹਾ ਕਿ ਨਫੇ ਨੁਕਸਾਨ ਤੋਂ ਉਤਾਂਹ ਉੱਠ ਕੇ ਲੋਕਾਂ ਬਾਰੇ ਸੋਚਣਾ ਪਵੇਗਾ। ਉਨ੍ਹਾਂ ਹਰਖ ਨਾਲ ਕਿਹਾ ਕਿ ਅੰਨਦਾਤਾ ਨੂੰ ਮੰਗਤਾ ਬਣਾ ਕੇ ਰੱਖਿਆ ਹੋਇਆ ਹੈ।