12 ਸਾਲਾਂ ਤੋਂ ਨਿਗੂਣੀ ਤਨਖ਼ਾਹ ਨਾਲ ਠੇਕੇ ’ਤੇ ਕੰਮ ਕਰ ਰਹੇ ਐਨ.ਐਚ.ਐਮ ਦੇ ਸਿਹਤ ਕਾਮੇ

    0
    134

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿਚ ਪੰਜਾਬ ਭਰ ’ਚ ਹੜਤਾਲ ਦੇ ਸੱਦੇ ’ਤੇ ਅੱਜ ਮਲੋਟ ਵਿਖੇ ਵੀ ਐਨ.ਐਚ.ਐਮ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ। ਭਾਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੜਤਾਲ ’ਤੇ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ, ਪਰ ਫਿਰ ਵੀ ਐਨ.ਐਚ.ਐਮ ਪੰਜਾਬ ਭਰ ਦੇ ਕਰਮਚਾਰੀ ਅੱਜ ਹੜਤਾਲ ’ਤੇ ਰਹੇ ਅਤੇ ਸਿਹਤ ਵਿਭਾਗ ਦਾ ਮੁਕੰਮਲ ਕੰਮ ਬੰਦ ਕੀਤਾ ਗਿਆ।

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਸ਼ਨ ਦੀ ਬਲਾਕ ਪ੍ਰਧਾਨ ਹਰਜੀਤ ਕੌਰ ਨੇ ਦੱਸਿਆ ਕਿ ਐਨ.ਐਚ.ਐਮ ਦੇ ਕਰਮਚਾਰੀ 12-12 ਸਾਲਾਂ ਤੋਂ ਠੇਕੇ ’ਤੇ ਕੰਮ ਕਰ ਰਹੇ ਹਨ ਪਰ ਉਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਹੋਰ ਵੀ ਮੰਗਾਂ ਅਜਿਹੀਆਂ ਹਨ, ਜਿੰਨਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਵਲੋਂ ਵਾਰ ਵਾਰ ਲਾਰੇ ਜਾ ਰਹੇ ਹਨ।ਉਨਾਂ ਕਿਹਾ ਕਿ ਇੰਨਾਂ ਕਰਮਚਾਰੀਆਂ ਨੇ ਕੋਰੋਨਾ ਕਾਲ ਦੌਰਾਨ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਤੇ ਬਹੁਤ ਇਮਾਨਦਾਰੀ ਨਾਲ ਸਿਹਤ ਵਿਭਾਗ ਦੀ ਸੇਵਾ ਕੀਤੀ ਜਾ ਰਹੀ ਹੈ, ਪਰ ਫ਼ਿਰ ਵੀ ਭਰੋਸੇ ਦੇ ਬਾਵਜੂਦ ਕੱਚੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਵਲੋਂ ਹੜਤਾਲ ’ਤੇ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ? ਦੇ ਜਵਾਬ ’ਚ ਪ੍ਰਧਾਨ ਹਰਜੀਤ ਕੌਰ ਸਮੇਤ ਸਮੂਹ ਕਰਮਚਾਰੀਆਂ ਨੇ ਕਿਹਾ ਕਿ ਠੇਕੇ ’ਤੇ ਕੰਮ ਕਰਦੇ 12000 ਕਰਚਾਰੀਆਂ ਨੂੰ ਸਿਰਫ਼ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਕੇ ਕਈ ਗੁਣਾ ਕੰਮ ਲਿਆ ਜਾ ਰਿਹਾ ਹੈ ਅਤੇ ਕੋਰੋਨਾ ਕਾਲ ਦੌਰਾਨ ਕੰਮ ਕਰਦੇ ਅਨੇਕਾਂ ਕਰਮਚਾਰੀ ਕੋਰੋਨਾ ਪਾਜ਼ਿਟਿਵ ਆ ਰਹੇ ਹਨ।

    ਇਸ ਲਈ ਸਰਕਾਰ ਨੂੰ ਸਾਡੇ ਖਿਲਾਫ਼ ਬਿਆਨਬਾਜੀ ਕਰਨ ਦੀ ਬਜਾਏ ਉਨਾਂ ਦਾ ਸਾਥ ਦੇਣਾ ਚਾਹੀਦਾ। ਇੰਨਾਂ ਹੜਤਾਲੀ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬਿੰਨਾਂ ਸ਼ਰਤ ਉਨਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਨਾ ਕੀਤਾ ਤਾਂ ਇਹ ਕਰਮਚਾਰੀ ਛੇਤੀ ਹੀ ਬਹੁਤ ਤਿੱਖਾ ਸੰਘਰਸ ਵਿੱਢਣਗੇ।

    LEAVE A REPLY

    Please enter your comment!
    Please enter your name here