ਜ਼ਿਲ੍ਹਾ ਪੁਲਿਸ ਵੱਲੋਂ ਲਾਏ ਲੋਕ ਦਰਬਾਰ ’ਚ 1186 ਦਰਖਾਸਤਾਂ ਦਾ ਮੌਕੇ ’ਤੇ ਨਿਪਟਾਰਾ: ਐੱਸ.ਐੱਸ.ਪੀ

    0
    149

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ ’ਤੇ ਤੁਰੰਤ ਨਿਪਟਾਰੇ ਲਈ ਅੱਜ ਸਬ ਡਵੀਜਨ ਪੱਧਰ ’ਤੇ ਵੱਖ-ਵੱਖ ਥਾਈਂ ਲਗਾਏ ਗਏ ਲੋਕ ਦਰਬਾਰ ਵਿੱਚ ਸੰਬੰਧਤ ਧਿਰਾਂ ਦੇ ਪੱਖ ਸੁਣਨ ਉਪਰੰਤ 1186 ਦਰਖਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।

    ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ’ਤੇ ਸੁਣਵਾਈ ਦੇ ਨਾਲ-ਨਾਲ ਤੁਰੰਤ ਨਬੇੜੇ ਲਈ ਲੋਕ ਦਰਬਾਰ ਲਗਾਏ ਗਏ ਸਨ ਜਿੱਥੇ ਸੰਬੰਧਤ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਨ ਉਪਰੰਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਲੋਕ ਦਰਬਾਰ ਵਿੱਚ ਨਬੇੜੀਆਂ ਗਈਆਂ ਕੁੱਲ 1186 ਦਰਖਾਸਤਾਂ ’ਚੋਂ 328 ਸਬ-ਡਵੀਜਨ ਦਿਹਾਤੀ, 241 ਸਬ-ਡਵੀਜਨ ਸਿਟੀ, 214 ਸਬ ਡਵੀਜਨ ਟਾਂਡਾ, 174 ਸਬ-ਡਵੀਜਨ ਗੜ੍ਹਸ਼ੰਕਰ, 148 ਸਬ-ਡਵੀਜਨ ਦਸੂਹਾ ਅਤੇ 81 ਸਬ ਡਵੀਜਨ ਮੁਕੇਰੀਆਂ ਨਾਲ ਸੰਬੰਧਤ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਰਖਾਸਤਾਂ ਵਿੱਚੋਂ ਦੋਵਾਂ ਧਿਰਾਂ ਵੱਲੋਂ ਆਏ ਮੋਹਤਵਰਾਂ ਦੀ ਹਾਜਰੀ ਵਿੱਚ 777 ਦਰਖਾਸਤਾਂ ’ਚ ਰਾਜੀਨਾਮੇ, 3 ਦਰਖਾਸਤਾਂ ’ਚ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਜਦਕਿ 266 ਦਰਖਾਸਤਾਂ ਦਿਵਾਨੀ ਮਾਮਲਿਆਂ ਨਾਲ ਸੰਬੰਧਤ ਸਨ ਅਤੇ 75 ਦਰਖਾਸਤਾਂ ਝੂਠੀਆਂ ਪਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਕੁੱਲ 65 ਦਰਖਾਸਤਾਂ ਵੱਖ-ਵੱਖ ਕਾਰਨਾਂ ਕਰਕੇ ਦਾਖ਼ਲ ਦਫ਼ਤਰ ਕੀਤੀਆਂ ਗਈਆਂ।

    ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਲੋਕ ਦਰਬਾਰ ਦਾ ਉਦੇਸ਼ ਲੋਕਾਂ ਦੇ ਮਸਲੇ ਗਹੁ ਨਾਲ ਸੁਣਨ ਉਪਰੰਤ ਢੁਕਵੀਂ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਲੋਕ ਦਰਬਾਰ 26 ਦਸੰਬਰ ਸ਼ਨੀਵਾਰ ਨੂੰ ਵੀ ਵੱਖ-ਵੱਖ ਸਬ ਡਵੀਜਨ ਪੱਧਰ ’ਤੇ ਲਾਏ ਜਾਣਗੇ ਜਿਥੇ ਸੰਬੰਧਤ ਧਿਰਾਂ ਆਪਣੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਪਹੁੰਚ ਸਕਦੀਆਂ ਹਨ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਲੋਕ ਦਰਬਾਰ ਦੌਰਾਨ ਸੰਬੰਧਤ ਧਿਰਾਂ ਦੀ ਤਸੱਲੀ ਮੁਤਾਬਕ ਕਾਰਵਾਈ ਅਮਲ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ।

    LEAVE A REPLY

    Please enter your comment!
    Please enter your name here