ਹੈਵਾਨੀਅਤ ਦੀ ਸ਼ਿਕਾਰ ਬਾਲੜੀ ਨੂੰ ਨਮ ਅੱਖਾਂ ਨਾਲ ਦਿੱਤੀ ਆਖ਼ਰੀ ਵਿਦਾਇਗੀ

    0
    155

    ਹੁਸ਼ਿਆਰਪੁਰ. ਜਨਗਾਥਾ ਟਾਇਮਜ਼: (ਰਵਿੰਦਰ)

    ਟਾਂਡਾ : ਬੀਤੇ ਕੁੱਝ ਸਮੇਂ ਤੋਂ ਦੇਸ਼ ‘ਚ ਮਹਿਲਾਵਾਂ ਖ਼ਿਲਾਫ਼ ਅਪਰਾਧ ਵੱਧ ਰਹੇ ਹਨ, ਜਿਥੇ ਹਾਲ ਹੀ ‘ਚ ਹਾਥਰਸ ਗੈਂਗਰੇਪ ਵਰਗੀ ਘਟਨਾ ਨੇ ਪੂਰੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਸੀ, ਉਥੇ ਹੀ ਹੁਣ ਪੰਜਾਬ ਦੇ ਟਾਂਡਾ ‘ਚ 6 ਸਾਲਾਂ ਬੱਚੀ ਨਾਲ ਹੋਈ ਕਰੂਰਤਾ ਦੀ ਘਟਨਾ ਨੇ ਵੀ ਪੂਰੇ ਪੰਜਾਬ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਉਥੇ ਹੀ ਪੋਸਟਮਾਰਟਮ ਤੋਂ ਬਾਅਦ ਅੱਜ ਬੱਚੀ ਦੀ ਮ੍ਰਿਤਕ ਦੇਹ ਨੂੰ ਬਿਆਸ ਦਰਿਆ ਦੇ ਕਿਨਾਰੇ ਪਰਿਵਾਰ ਅਤੇ ਸੈਕੜੇ ਲੋਕਾਂ ਦੀ ਹਾਜ਼ਰੀ ਵਿੱਚ ਦਫਨਾ ਦਿੱਤਾ ਗਿਆ। ਬੱਚੀ ਦੇ ਸਸਕਾਰ ਮੌਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਹਰ ਇਕ ਵਿਅਕਤੀ ਦੀ ਅੱਖ ਨਮ ਨਜ਼ਰ ਆਈ।

    ਇਸ ਘਿਨਾਉਣੀ ਵਾਰਦਾਤ ਨੇ ਹਰ ਇਕ ਦੇ ਕਾਲਜੇ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਸਿਆਸੀ ਆਗੂਆਂ ਨੇ ਵੀ ਇਸ ਬਾਲੜੀ ਨੂੰ ਨਮਨ ਅੱਖਾ ਨਾਲ ਸਰਧਾਂਜਲੀ ਭੇਂਟ ਕੀਤੀ। ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਹਾਜ਼ਿਰ ਸਨ।

    ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਇਕ ਨੌਜਵਾਨ ਸਮੇਤ ਉਸ ਦੇ ਦਾਦੇ ਵੱਲੋਂ ਦਿੱਤਾ ਗਿਆ ਹੈ। ਟਾਂਡਾ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮ ਦਾਦੇ ਅਤੇ ਪੋਤੇ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਹੈਵਾਨੀਅਤ ਭਰੇ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ‘ਚ ਉਕਤ ਮੁਲਜ਼ਮ ਬੱਚੀ ਨੂੰ ਲਿਜਾਂਦੇ ਹੋਏ ਨਜ਼ਰ ਆ ਰਿਹਾ ਹੈ। ਇਹ ਫੁਟੇਜ਼ ਪਿੰਡ ‘ਚ ਲੱਗੇ ਕਿਸੇ ਸੀ.ਸੀ.ਟੀ.ਵੀ. ਕੈਮਰੇ ਤੋਂ ਹਾਸਲ ਕੀਤੀ ਗਈ ਹੈ।

    ਫੁਟੇਜ਼ ਤੋਂ ਸਪੱਸ਼ਟ ਹੋ ਰਿਹਾ ਹੈ ਕਿ 6 ਵਰ੍ਹਿਆਂ ਦੀ ਬਾਲੜੀ ਨਾਲ ਜਬਰ-ਜ਼ਿਨਾਹ ਉਪਰੰਤ ਉਸ ਨੂੰ ਸਾੜ ਕੇ ਮਾਰਨ ਤੋਂ ਪਹਿਲਾਂ ਮੁਲਜ਼ਮ ਨੌਜਵਾਨ ਸੁਰਪ੍ਰੀਤ ਸਿੰਘ ਪੁੱਤਰ ਦਿਲਵਿੰਦਰ ਦੁਪਹਿਰ 3 ਵਜੇ ਦੇ ਕਰੀਬ ਬੱਚੀ ਨੂੰ ਨਾਲ ਲੈ ਕੇ ਜਾ ਰਿਹਾ ਹੈ। ਬੱਚੀ ਦੀ ਮਾਂ ਨੇ ਵੀ ਇਹੋ ਬਿਆਨ ਦਿੱਤੇ ਸਨ ਕਿ ਮੁਲਜ਼ਮ ਬੱਚੀ ਨੂੰ ਬਿਸਕੁੱਟ ਦੇਣ ਦਾ ਲਾਲਚ ਦੇ ਕੇ ਕਿਸੇ ਸੁੰਨਸਾਨ ਥਾਂ ‘ਤੇ ਲੈ ਗਿਆ ਸੀ, ਜਿੱਥੇ ਉਸ ਨੇ ਉਕਤ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।

    ਉਥੇ ਹੀ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧੀ ਟਵੀਟ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਹੁਸ਼ਿਆਰਪੁਰ ‘ਚ 6 ਸਾਲਾਂ ਬੱਚੀ ਦਾ ਜ਼ਬਰ-ਜਨਾਹ ਤੋਂ ਕਤਲ ਕਰਨ ਦੀ ਘਟਨਾ ਬੇਹੱਦ ਦੁੱਖਦਾਈ ਅਤੇ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਉਹ ਸਹੀ ਜਾਂਚ ਨੂੰ ਯਕੀਨੀ ਬਣਾਉਣ ਅਤੇ ਦੋਸ਼ੀਆਂ ਖ਼ਿਲਾਫ਼ ਚਲਾਨ ਜਲਦ ਪੇਸ਼ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਤੋਂ ਜਲਦ ਤੋਂ ਜਲਦ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਜਾਵੇ।

    LEAVE A REPLY

    Please enter your comment!
    Please enter your name here