ਹਰਿਆਣਾ ‘ਚ ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਕਈ ਥਾਵਾਂ ‘ਤੇ ਪੁਲਿਸ ਨਾਲ ਹੋਈ ਝੜਪ

    0
    164

    ਕਰਨਾਲ, (ਰਵਿੰਦਰ) :

    ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਸਰਕਾਰੀ ਖ਼ਰੀਦ 10 ਦਿਨ ਲੇਟ ਕਰਨ ਤੋਂ ਬਾਅਦ ਕਿਸਾਨਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਦੋਵੇਂ ਸੂਬਿਆਂ ਦੇ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਕਿਸਾਨਾਂ ਨੇ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ‘ਚ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਹੈ।

    ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਵੀ ਹੋਈ ਹੈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਹੈ। ਫਿਲਹਾਲ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ।

    ਕਿਸਾਨ ਹੁਣ ਮੁੱਖ ਮੰਤਰੀ ਨਿਵਾਸ ਦੇ ਬਾਹਰ ਸੜਕ ‘ਤੇ ਦਰੀ ਵਿਛਾ ਕੇ ਧਰਨੇ ‘ਤੇ ਬੈਠ ਗਏ ਹਨ। ਉਹ ਮੰਗ ਕਰ ਰਹੇ ਹਨ ਕਿ ਝੋਨੇ ਦੀ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੇ ਟਰੈਕਟਰਾਂ ਰਾਹੀਂ ਦੋਵਾਂ ਪਾਸਿਆਂ ਤੋਂ ਬੈਰੀਕੇਡ ਹਟਾ ਦਿੱਤੇ ਹਨ। ਇਸ ਦੌਰਾਨ ਪੁਲਿਸ ਨਾਲ ਮਾਮੂਲੀ ਝੜਪ ਵੀ ਹੋਈ, ਜਦਕਿ ਕਿਸਾਨਾਂ ਨੂੰ ਰੋਕਣ ਲਈ ਹਲਕੀ ਜਲ ਤੋਪ ਵੀ ਵਰਤੀ ਗਈ ਪਰ ਇਸ ਦੇ ਬਾਅਦ ਵੀ ਕਿਸਾਨ ਨਹੀਂ ਰੁਕੇ। ਕਿਸਾਨ ਆਪਣੀ ਝੋਨੇ ਦੀ ਟਰਾਲੀ ਨਾਲ ਇੱਥੇ ਪਹੁੰਚੇ ਹਨ।ਓਧਰ ਪੰਚਕੂਲਾ ਵਿੱਚ ਵੀ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਹੈ। ਚੰਡੀਮੰਦਰ ਟੋਲ ਪਲਾਜ਼ਾ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਬਲ ਪ੍ਰਯੋਗ ਦੀ ਵਰਤੋਂ ਕੀਤੀ ਹੈ। ਝੋਨੇ ਦੀ ਖਰੀਦ ਸ਼ੁਰੂ ਨਾ ਕਰਨ ਕਾਰਨ ਕਿਸਾਨ ਸੜਕਾਂ ‘ਤੇ ਉਤਰੇ ਹਨ। ਕਿਸਾਨ ਆਗੂ ਗੁਰਨਾਮ ਚਡੁਨੀ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਝੋਨੇ ਦੀ ਖ਼ਰੀਦ ਸ਼ੁਰੂ ਨਾ ਕੀਤੀ ਗਈ ਤਾਂ ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

    ਦੱਸ ਦੇਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋਈ ਤਾਂ ਉਹ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨਗੇ। ਇਸ ਕਾਰਨ ਅੱਜ ਕਿਸਾਨ ਮੰਡੀ ਵਿੱਚ ਇਕੱਠੇ ਹੋਏ ਅਤੇ ਅੱਗੇ ਵਧੇ ਅਤੇ ਫਿਰ ਮੁੱਖ ਮੰਤਰੀ ਨਿਵਾਸ ਦੇ ਨੇੜੇ ਪਹੁੰਚ ਗਏ। ਇੱਥੇ ਪੁਲਿਸ ਸੁਰੱਖਿਆ ਬਲ, ਵਾਧੂ ਸੁਰੱਖਿਆ ਬਲ ਅਤੇ ਵਾਟਰ ਕੈਨਨ ਕਾਰ, ਅੱਥਰੂ ਗੈਸ ਵਾਹਨ ਖੜ੍ਹੇ ਕੀਤੇ ਗਏ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ ਪਰ ਕਿਸਾਨ ਬੈਰੀਕੇਡ ਤੋੜਦੇ ਹੋਏ ਅੱਗੇ ਵੱਧ ਗਏ।

    LEAVE A REPLY

    Please enter your comment!
    Please enter your name here