ਸੁਚਾਰੂ ਢੰਗ ਨਾਲ ਕੀਤੀ ਜਾਵੇਗੀ ਕਣਕ ਦੀ ਖ਼ਰੀਦ : ਡਿਪਟੀ ਕਮਿਸ਼ਨਰ

    0
    130

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਕਣਕ ਦੀ ਖ਼ਰੀਦ ਯਕੀਨੀ ਬਣਾਈ ਜਾਵੇਗੀ ਅਤੇ ਨਿਰਵਿਘਨ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਦੇ ਮੱਦੇਨਜ਼ਰ ਖ਼ਰੀਦ ਕੇਂਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 64 ਖਰੀਦ ਕੇਂਦਰ ਸਨ ਅਤੇ ਹੁਣ 15 ਹੋਰ ਖ਼ਰੀਦ ਕੇਂਦਰਾਂ ਵਿੱਚ ਵਾਧਾ ਕਰਕੇ 79 ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾਇਆ ਗਿਆ ਹੈ ਅਤੇ ਇਸ ਦੌਰਾਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਪੰਜਾਬ ਸਰਕਾਰ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ‘ਤੇ ਖ਼ਰੀਦ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਕਣਕ ਦੇ ਇਸ ਸੀਜ਼ਨ ਦੌਰਾਨ ਕਰੀਬ 3 ਲੱਖ 20 ਹਜ਼ਾਰ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸਾਲ 2 ਲੱਖ 91 ਹਜ਼ਾਰ 481 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ।

    ਅਪਨੀਤ ਰਿਆਤ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੰਡੀਆਂ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਰਕਿੰਗ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ, ਲਾਈਟ ਅਤੇ ਆਰਜ਼ੀ ਟਾਇਲਟਸ ਦੇ ਪ੍ਰਬੰਧਾਂ ਸਮੇਤ ਮੰਡੀਆਂ ਵਿੱਚ ਸੈਨੇਟਾਈਜਰ, ਮਾਸਕ ਅਤੇ ਸਾਬਣ ਆਦਿ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਆਪਣੇ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿੱਚ ਜਾਣ ‘ਤੇ ਛੋਟ ਦਿੱਤੀ ਗਈ ਹੈ। ਖੇਤਾਂ ਵਿੱਚ ਜਾਣ ਦਾ ਸਮਾਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਦਾ ਹੋਵੇਗਾ, ਜਦਕਿ ਖੇਤਾਂ ਤੋਂ ਵਾਪਸ ਆਉਣ ਦਾ ਸਮਾਂ ਸ਼ਾਮ 7 ਵਜੇ ਤੋਂ ਸ਼ਾਮ 9 ਵਜੇ ਤੱਕ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਕੰਬਾਇਨਾਂ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਕੰਬਾਇਨ ਮਾਲਕਾਂ ਨੂੰ ਪੰਜਾਬ ਦੇ ਅੰਦਰ ਅਤੇ ਪੰਜਾਬ ਤੋਂ ਬਾਹਰ ਆਉਣ-ਜਾਣ ਦੀ ਖੁੱਲ ਦਿੱਤੀ ਗਈ ਹੈ ਅਤੇ ਇਸ ਦੌਰਾਨ ਚਾਰ ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਜੇਕਰ ਕੋਈ ਕੰਬਾਇਨ ਮਾਲਕ ਜਾਂ ਉਸ ਦੀ ਲੇਬਰ ਦੂਸਰੇ ਰਾਜ ਤੋਂ ਆਉਂਦੀ ਹੈ, ਤਾਂ ਉਹ ਨੇੜਲੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਜਾਣਕਾਰੀ ਦੇਣਾ ਯਕੀਨੀ ਬਣਾਏਗਾ।

    LEAVE A REPLY

    Please enter your comment!
    Please enter your name here