ਸਿੱਧੂ ਦੇ ਘਰ ਦੇ ਬਾਹਰ ਪਿਛਲੇ 3 ਦਿਨਾਂ ਤੋਂ ਬੈਠੀ ਹੈ ਬਿਹਾਰ ਪੁਲਿਸ, ਪਰ ਨਹੀਂ ਮਿਲ ਰਹੇ ‘ਗੁਰੂ’ !

    0
    107

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਪੁਲਿਸ ਡੇਰੇ ਲਾਈ ਬੈਠੀ ਹੈ, ਪਰ ਸਿੱਧੂ ਦਾ ਸੁਰੱਖਿਆ ਅਮਲਾ ਕੋਈ ਰਾਹ ਨਹੀਂ ਦੇ ਰਿਹਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਈ ਵਾਰ ਸਿੱਧੂ ਦੇ ਘਰ ਦਾ ਦਰਵਾਜ਼ਾ ਵੀ ਖੜਕਾਇਆ ਹੈ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ।

    ਅਸਲ ਵਿਚ, ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਵਿਰੋਧੀ ਧਿਰ ਖ਼ਿਲਾਫ਼ ਕੀਤੇ ਇਤਰਾਜ਼ਯੋਗ ਪ੍ਰਚਾਰ ਦੇ ਮਾਮਲੇ ਵਿਚ ਬਿਹਾਰ ਦੇ ਵਰਸੋਈ ਥਾਣੇ ਵਿਚ ਸਿੱਧੂ ਖ਼ਿਲਾਫ਼ ਕੇਸ ਦਰਜ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਨੋਟਿਸ ਦੇਣ ਲਈ ਆਈ ਹੋਈ ਹੈ ਪਰ ਹੁਣ ਤੱਕ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ, ਜਿਸ ਕਾਰਨ ਬਿਹਾਰ ਪੁਲਿਸ ਦੇ ਕਰਮਚਾਰੀ ਪ੍ਰੇਸ਼ਾਨ ਹਨ।

    ਇਸ ਸੰਬੰਧੀ ਇੱਥੇ ਪੁੱਜੇ ਸਬ ਇੰਸਪੈਕਟਰ ਜਨਾਰਦਨ ਨੇ ਦੱਸਿਆ ਕਿ 16 ਅਪਰੈਲ 2019 ਨੂੰ ਚੋਣ ਜ਼ਾਬਤੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕੀਤਾ ਸੀ, ਜਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। ਇਸ ਮਾਮਲੇ ਵਿੱਚ ਆਈਜੀ ਦੇ ਆਦੇਸ਼ ’ਤੇ ਧਾਰਾ 41/1 ਤਹਿਤ ਨੋਟਿਸ ਦੇਣ ਆਏ ਹਨ ਅਤੇ ਇਸ ਮਾਮਲੇ ਵਿਚ ਇਥੇ ਹੀ ਜ਼ਮਾਨਤ ਦੇ ਦਿੱਤੀ ਜਾਵੇਗੀ। ਉਨ੍ਹਾਂ ਨੂੰ ਬਾਂਡ ਦੇ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਜਾਵੇਗੀ, ਜਿਸ ਨਾਲ ਇਹ ਮਾਮਲਾ ਹੱਲ ਹੋ ਜਾਵੇਗਾ।

    ਉਸ ਨੇ ਆਖਿਆ ਕਿ ਪਿਛਲੇ ਤਿੰਨ ਦਿਨ ਤੋਂ ਉਹ ਇੱਥੇ ਆਏ ਹੋਏ ਹਨ ਪਰ ਉਸ ਦੇ ਦਫ਼ਤਰ ਦੇ ਕਰਮਚਾਰੀ ਸਿੱਧੂ ਨਾਲ ਮੁਲਾਕਾਤ ਨਹੀਂ ਕਰਵਾ ਰਹੇ। ਉਨ੍ਹਾਂ ਇਸ ਸੰਬੰਧੀ ਕਟਿਹਾਰ ਦੇ ਆਪਣੇ ਐੱਸਪੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਐੱਸਪੀ ਵੱਲੋ ਸਿੱਧੂ ਦੇ ਦਫ਼ਤਰ ਵਿਚ ਗੱਲ ਕੀਤੀ ਗਈ ਹੈ ਪਰ ਹੁਣ ਤਕ ਇਸ ਮਾਮਲੇ ਵਿਚ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ।

    ਜਨਾਰਦਨ ਨੇ ਦਸਿਆ ਕਿ ਤਾਲਾਬੰਦੀ ਦੌਰਾਨ ਦੋ ਦਿਨ ਦੀ ਯਾਤਰਾ ਕਰਕੇ ਇਥੇ ਆਏ ਹਨ ਅਤੇ ਦੋ ਦਿਨ ਤੋਂ ਸਿੱਧੂ ਦੇ ਦਫ਼ਤਰ ਦੇ ਚੱਕਰ ਲਾ ਰਹੇ ਹਨ। ਇਸ ਦੌਰਾਨ ਉਸ ਦੀ ਸਿਹਤ ਵੀ ਖ਼ਰਾਬ ਹੋ ਗਈ ਹੈ। ਉਸ ਨੇ ਆਖਿਆ ਕਿ ਉਹ ਸਵੇਰੇ ਮੁੜ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਜਾਣਗੇ ਅਤੇ ਉਸ ਤੋਂ ਬਾਦ ਹੀ ਵਾਪਸੀ ਬਾਰੇ ਫ਼ੈਸਲਾ ਲੈਣਗੇ।

    LEAVE A REPLY

    Please enter your comment!
    Please enter your name here