ਸਿਹਤ ਮੰਤਰੀ ਸਿੱਧੂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਕੀਤੀ ਅਪੀਲ :

    0
    129

    ਬਰਨਾਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਬਰਨਾਲਾ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਰਨਾਲਾ ਤੋਂ ਵੀਡੀਓ ਕਾਫਰੰਸਿੰਗ ਰਾਂਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਵਿਚ ਕਰੋਨਾਵਾਇਰਸ ਦੀ ਸਥਿਤੀ ਬਾਰੇ ਮੀਟਿੰਗ ਕੀਤੀ।

    ਇਸ ਮੌਕੇ ਆਪਣੇ ਵਿਚਾਰ ਰੱਖਦਿਆਂ, ਸਿੱਧੂ ਨੇ ਸੁਝਾਅ ਦਿੱਤਾ ਕਿ ਆਮ ਜਨਤਾ ਨੂੰ ਮਾਸਕ ਪਾਉਣ ਅਤੇ ਕੋਰੋਨਾ ਤੋਂ ਬਚਾਅ ਲਈ ਪੂਰਨ ਇਹਤਿਆਤ ਵਰਤਣ ਲਈ ਹੋਰ ਵਧੇਰੇ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਬਚਾਅ ਵਿਚ ਹੀ ਬਚਾਅ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਕੋਰੋਨਾ ਕੇਅਰ ਸੈਂਟਰਾਂ ’ਚ ਭਾਰਤੀ ਕੋਵਿਡ ਪਾਜ਼ਿਟਿਵ ਮਰੀਜ਼ਾਂ ਲਈ ਸਾਕਾਰਾਤਮਕ ਸੰਗੀਤ ਜਾਂ ਹੋਰ ਉਤਸ਼ਾਹ ਵਧਾਊ ਗਤੀਵਿਧੀਆਂ ’ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਅੰਦਰੂਨੀ ਤੌਰ ’ਤੇ ਮਜ਼ਬੂਤ ਰਹਿ ਕੇ ਕਰੋਨਾ ਨੂੰ ਮਾਤ ਦੇ ਸਕਣ। ਇਸ ਵੀਡੀਓ ਕਾਨਫਰੰਸ ਵਿਚ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ।

    ਇਸ ਮੌਕੇ ਉਨ੍ਹਾਂ ਨੇ ਸਿਵਲ ਸਰਜਨ ਬਰਨਾਲਾ ਨਾਲ ਜ਼ਿਲ੍ਹੇ ਵਿਚ ਕਰੋਨਾ ਸਥਿਤੀ ’ਤੇ ਵੀ ਚਰਚਾ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਵਿਚ 37 ਨਵੇਂ ਕੇਸ ਆਏ ਹਨ ਤੇ ਐਕਟਿਵ ਕੇਸ 284 ਹਨ। ਹੁਣ ਤੱਕ 408 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ। 117 ਮਰੀਜ਼ ਠੀਕ ਹੋ ਚੁੱਕੇ ਹਨ ਤੇ ਜ਼ਿਲ੍ਹੇ ਵਿਚ 7 ਮੌਤਾਂ ਹੁਣ ਤੱਕ ਹੋਈਆਂ ਹਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਅਤੇ ਡਾਕਟਰੀ ਅਮਲੇ ਦੀ ਘਾਟ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੋ ਸਿਹਤ ਸੇਵਾਵਾਂ ’ਚ ਕੋਈ ਕਮੀ ਨਾ ਰਹੇ।

    ਇਸ ਤੋਂ ਪਹਿਲਾਂ ਸਿੱਧੂ ਨੇ ਤਪਾ ਵਿਖੇ ਅਮਰਜੀਤ ਸਿੰਘ ਧਾਲੀਵਾਲ ਦੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਵਜੋਂ ਅਹੁਦਾ ਸਾਂਭਣ ਦੀ ਰਸਮ ’ਚ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਵਿੱਚ ਪੰਜਾਬ ਸਰਕਾਰ ਵਲੋਂ ਕਿਸੇ ਵੀ ਕਿਸਮ ਦੀ ਕੋਈ ਵੀ ਕਸਰ ਨਹੀ ਛੱਡੀ ਜਾ ਰਹੀ। ਇਸ ਵਾਸਤੇ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਸੂਬਾ ਵਾਸੀ ਆਪਣੇ ਪੱਧਰ ’ਤੇ ਵੀ ਕਰੋਨਾ ਤੋਂ ਬਚਣ ਲਈ ਇਹਤਿਆਤਾਂ ਦੀ ਪਾਲਣਾ ਕਰਨ।

    ਉਨ੍ਹਾਂ ਨੇ ਆਖਿਆ ਕਿ ਦੇਸ਼ ਦੀ ਰਾਜਧਾਨੀ ਦਿੱੱਲੀ ਵਿੱਚ ਕੇਸ ਵੱਡੇ ਪੱਧਰ ’ਤੇ ਵਧਣ ਕਾਰਨ ਪੰਜਾਬ ਵਿਚ ਕਰੋਨਾਵਾਇਰਸ ਦੇ ਕੇਸ ਤੇਜ਼ੀ ਨਾਲ ਵਧੇ ਹਨ, ਕਿਉਂਕਿ ਉਥੋਂ ਦੇ ਵੱਡੀ ਗਿਣਤੀ ਮਰੀਜ਼ ਪੰਜਾਬ ਦੇ ਹਸਪਤਾਲਾਂ ਵਿੱਚ ਭਰਤੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਵਾਸੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੂਰਨ ਇਹਤਿਆਤ ਵਰਤਣ।

    ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਤਪਾ ਵਾਸੀਆਂ ਨੂੰ ਚੰਗੀ ਸਿਹਤ ਸੁਵਿਧਾਵਾਂ ਦਿੰਦਿਆਂ 20 ਬਿਸਤਰਿਆਂ ਦਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਸਮਰਪਿਤ ਕੀਤਾ ਗਿਆ ਅਤੇ ਹੁਣ ਸਰਕਾਰ ਵਲੋਂ ਤਪਾ ਸ਼ਹਿਰ ਦੇ ਸਰਕਾਰੀ ਸਕੂਲ ਨੂੰ ਨਵੀਂ ਇਮਾਰਤ ਦੇਣ ਦੀ ਵਿਓਂਤਬੰਦੀ ਕੀਤੀ ਜਾ ਰਹੀ ਹੈ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਤਪਾ ਵਾਸੀਆਂ ਵਲੋਂ ਮੰਡੀ ਸੰਬੰਧੀ ਰੱਖੀ ਗਈ ਮੰਗ ਨੂੰ ਵੀ ਜਲਦ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ।

    ਉਹਨਾਂ ਮਾਰਕੀਟ ਕਮੇਟੀ ਤਪਾ ਦੇ ਨਵੇਂ ਚੁਣੇ ਗਏ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੱਢੇ ਅਹੁਦਿਆਂ ਨਾਲ ਜਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ, ਤਪਾ ਅਤੇ ਬਰਨਾਲਾ ਦੇ ਵੱਖ ਵੱਖ ਪਤਵੰਤੇ ਸੱਜਣ ਮੌਜੂਦ ਸਨ।

    LEAVE A REPLY

    Please enter your comment!
    Please enter your name here