ਸਹਿਕਾਰਤਾ ਵਿਭਾਗ ਵੱਲੋਂ ਸਾਰੇ ਮੁਲਾਜ਼ਮਾਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਨ ਦਾ ਫ਼ੈਸਲਾ :

    0
    134

    ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਸਹਿਕਾਰਤਾ ਵਿਭਾਗ ਵੱਲੋਂ ਕੋਵਿਡ-19 ਸੰਕਟ ਵਿੱਚ ਫਰਟੰਲਾਈਨ ‘ਤੇ ਡਟੇ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਬੀਮਾ ਸਾਰੇ ਰੈਗੂਲਰ, ਠੇਕੇ ਅਤੇ ਆਊਟਸੋਰਸਿੰਗ ਉਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਕੀਤਾ ਜਾਵੇਗਾ ਜੋ ਇਸ ਵੇਲੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਗਾਏ ਕਰਫ਼ਿਊ/ਲਾਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।

    ਸ. ਰੰਧਾਵਾ ਨੇ ਕਿਹਾ ਕਿ ਫਰੰਟਲਾਈਨ ‘ਤੇ ਕੰਮ ਕਰ ਰਹੇ ਪੰਜ ਸਹਿਕਾਰੀ ਅਦਾਰਿਆਂ ਸ਼ੂਗਰਫੈਡ, ਮਿਲਕਫੈਡ, ਮਾਰਕਫੈਡ, ਪੰਜਾਬ ਰਾਜ ਸਹਿਕਾਰੀ ਬੈਂਕ ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 14905 ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਪ੍ਰਤੀ ਮੁਲਾਜ਼ਮ ਬੀਮਾ ਕਵਰ ਇਕ ਸਾਲ ਲਈ ਕੀਤਾ ਜਾ ਰਿਹਾ ਹੈ। ਪ੍ਰਤੀ ਮੁਲਾਜ਼ਮ 1977 ਰੁਪਏ ਸਮੇਤ ਜੀ.ਐੱਸ.ਟੀ. ਪ੍ਰੀਮੀਅਮ ਖ਼ਰਚ ਆ ਰਿਹਾ ਹੈ ਜਿਸ ਤਹਿਤ ਸਾਰੇ 14905 ਮੁਲਾਜ਼ਮਾਂ ਦੇ ਬੀਮੇ ਲਈ ਪ੍ਰੀਮੀਅਮ ਦਾ ਕੁੱਲ ਖ਼ਰਚਾ 2.95 ਕਰੋੜ (2,94,67,185) ਰੁਪਏ ਆਵੇਗਾ। ਪ੍ਰੀਮੀਅਮ ਦੀ ਰਾਸ਼ੀ ਸੰਬੰਧਿਤ ਸਹਿਕਾਰੀ ਅਦਾਰੇ ਵੱਲੋਂ ਆਪੋ-ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਅਦਾ ਕੀਤੀ ਜਾਵੇਗੀ।

    ਸਹਿਕਾਰਤਾ ਮੰਤਰੀ ਨੇ ਸਾਰੇ ਮੁਲਾਜ਼ਮਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਪੰਜੇ ਸਹਿਕਾਰੀਆਂ ਅਦਾਰਿਆਂ ਦੇ ਕੁੱਲ 14905 ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ 8812 ਰੈਗੂਲਰ ਅਤੇ 6093 ਠੇਕੇ ਅਤੇ ਆਊਟਸੋਰਸਿੰਗ ਉਤੇ ਕੰਮ ਕਰਦੇ ਹਨ। ਸਹਿਕਾਰਤਾ ਵਿਭਾਗ ਵੱਲੋਂ ਲਏ ਇਸ ਵੱਡੇ ਫੈਸਲੇ ਤਹਿਤ ਸ਼ੂਗਰਫੈਡ ਦੇ 2090, ਮਿਲਕਫੈਡ ਦੇ 6298, ਮਾਰਕਫੈਡ ਦੇ 1421, ਪੰਜਾਬ ਰਾਜ ਸਹਿਕਾਰੀ ਬੈਂਕ ਦੇ 4217 ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 879 ਮੁਲਾਜ਼ਮਾਂ ਦਾ ਬੀਮਾ ਹੋਵੇਗਾ।

    ਸ. ਰੰਧਾਵਾ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਹਿਕਾਰੀ ਅਦਾਰੇ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਫਰੰਟਲਾਈਨ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਸਮੇਂ ਕੰਮ ਕਰ ਰਹੇ ਮੁਲਾਜ਼ਮਾਂ ਦੇ ਜ਼ੋਖ਼ਮ ਨੂੰ ਦੇਖਦਿਆਂ ਇਹ ਬੀਮਾ ਕਵਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here