ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਬੰਦ ਦੀ ਹਮਾਇਤ ਦਾ ਕੀਤਾ ਐਲਾਨ !

    0
    164

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹੈਡਕੁਆਰਟਰ ਤੋਂ ਜਾਰੀ ਬਿਆਨ ਵਿਚ ਮਨਮੋਹਨ ਸਿੰਘ ਸੱਠਿਆਲਾ, ਸਾਬਕਾ ਵਿਧਾਇਕ ਅਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਗੁਰਪ੍ਰੀਤ ਸਿੰਘ ਕਲਕੱਤਾ, ਪ੍ਰਧਾਨ ਅਕਾਲੀ ਜੱਥਾ ਅੰਮ੍ਰਿਤਸਰ ਸਹਿਰੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਖੇਤੀ ਬਿੱਲਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਕਿਸਾਨਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਹਿੱਸਾ ਲਵੇਗੀ ਤਾਂ ਜੋਂ ਇਹ ਕਿਸਾਨ ਵਿਰੋਧੀ ਬਿੱਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ। ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਇਹਨਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਨਾ ਸਿਰਫ਼ ਬੇਰੋਜ਼ਗਾਰੀ ਵਿੱਚ ਭਾਰੀ ਵਾਧਾ ਹੋਵੇਗਾ ਸਗੋਂ ਬਾਕੀ ਸਾਰੀਆਂ ਸਨਅਤਾਂ ਉੱਤੇ ਵੀ ਬਹੁਤ ਮਾੜਾ ਅਸਰ ਪਵੇਗਾ ਅਤੇ ਖੇਤੀ ਸੈਕਟਰ ਉਤੇ ਵੱਡੇ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਵੇਗਾ। ਮੋਦੀ ਸਰਕਾਰ ਨੂੰ ਆੜੇ ਹੱਥ ਲੈਂਦਿਆਂ ਉਹਨਾਂ ਨੇ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਵਿਰੋਧੀ ਧਿਰਾਂ ਅਤੇ ਕਿਸਾਨ ਜੱਥੇਬੰਦੀਆਂ ਨਾਲ ਢੁਕਵੀਂ ਵਾਰਤਾਲਾਪ ਕੀਤੇ ਬਗ਼ੈਰ ਅਤੇ ਬਹੁਤ ਕਾਹਲੀ ਨਾਲ ਸੰਸਦ ਵਿੱਚ ਪਾਸ ਕਰਨ ਦੀ ਪ੍ਰਕ੍ਰਿਆ ਨੂੰ ਲੋਕਤਾਂਤਰਿਕ ਕਦਰਾਂ ਕੀਮਤਾਂ ਦੇ ਉਲਟ ਅਤੇ ਸਵਿੰਧਾਨਿਕ ਬਹੁਗਿਣਤੀ ਦਾ ਘੋਰ ਦੁਰਉਪਯੋਗ ਦੱਸਿਆ।

    ਜੱਥੇਦਾਰ ਬ੍ਰਹਮਪੁਰਾ ਨੇ ਕੇਂਦਰ ਵਿੱਚ ਭਾਜਪਾ ਦੀ ਭਾਈਵਾਲ ਬਾਦਲ ਅਕਾਲੀ ਦਲ ਦੀ ਵੀ ਇਸ ਮਾਮਲੇ ਵਿਚ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਬਾਦਲ ਦਲ ਨੇ ਸ਼ੁਰੂ ਤੋਂ ਹੀ ਇਹਨਾਂ ਬਿੱਲਾਂ ਉਤੇ ਦਿੱਤੇ ਸਮਰਥਨ ਨੇ ਉਹਨਾਂ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੇ ਅਸਤੀਫ਼ੇ ਦਾ ਡਰਾਮਾ ਅਤੇ ਬਾਦਲ ਦਲ ਵਲੋਂ ਇਸ ਮਸਲੇ ਵਿਚ ਬਦਲਦੇ ਸਟੈਂਡ ਨੂੰ ਸੌੜੀ ਰਾਜਨੀਤੀ ਦਾ ਹਿੱਸਾ ਦਸਦਿਆਂ ਉਹਨਾਂ ਨੇ ਕਿਹਾ ਕਿ ਬਾਦਲ ਦਲ ਨੇ ਪੰਜਾਬ ਨਾਲ ਭਾਰੀ ਧ੍ਰੋਹ ਕਮਾਇਆ ਹੈ ਜਿਸ ਲਈ ਪੰਜਾਬੀ ਓਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਅਖੀਰ ਵਿੱਚ ਉਹਨਾਂ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਵਪਾਰਿਕ ਜੱਥੇਬੰਦੀਆਂ ਨੂੰ ਇੱਕਮੁੱਠ ਹੋਕੇ ਕਿਸਾਨ ਜੱਥੇਬੰਦੀਆਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋਂ ਹੁਕੂਮਤ ਨੂੰ ਦੁਕਵਾਂ ਜਵਾਬ ਦੇ ਕੇ ਓਹਨਾਂ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲੈਣ।

    LEAVE A REPLY

    Please enter your comment!
    Please enter your name here