ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨ ਚੋਰੀ ਦੀ ਕਾਰ, ਪਿਸਟਲ ਤੇ ਕਾਰਤੂਸ ਸਣੇ ਗ੍ਰਿਫ਼ਤਾਰ !

    0
    108

    ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਸੀਆਈਏ ਸਟਾਫ਼ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੁੱਟ ਦੀਆਂ ਦੋ ਕਾਰਾਂ, ਦੋ ਪਿਸਟਲ ਅਤੇ 15 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਦੀ ਐੱਸ.ਐੱਸ.ਪੀ ਡੀ ਸੁਡਰਵਿਲੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਐੱਸ.ਪੀ.(ਡੀ) ਰਾਜਪਾਲ ਸਿੰਘ ਹੁੰਦਲ, ਡੀਐੱਸਪੀ (ਡੀ) ਜ਼ਸਮੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ, ਸਟਾਫ਼ ਸ੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸਹਾਇਕ ਥਾਣੇਦਾਰ ਜੋਗਿਦਰਪਾਲ ਸਿੰਘ ਪੁਲਿਸ ਪਾਰਟੀ ਦੇ ਨਾਲ ਕੋਟਕਪੂਰਾ ਰੋਡ ਪਿੰਡ ਉਦੇਕਰਣ ਦੇ ਕੋਲ ਮੌਜੂਦ ਸਨ।

    ਉਨ੍ਹਾਂ ਨੇ ਮੁਕਤਸਰ ਦੀ ਤਰਫੋਂ ਆ ਰਹੀ ਇੱਕ ਨੀਲੇ ਰੰਗ ਦੀ ਕਾਰ ਬੋਲੇਨੋ, ਜਿਸ ਦਾ ਨੰਬਰ ਪੀਬੀ 30 ਆਰ 3132, ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਇਵਰ ਦੁਆਰਾ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੁਸਤੈਦੀ ਦਿਖਾ ਕੇ ਕਾਰ ਨੂੰ ਰੋਕ ਲਿਆ। ਕਾਰ ਨੂੰ ਗੌਰਵ ਉਰਫ਼ ਗੋਰਾ ਵਾਸੀ ਗਲੀ ਨੰ.3, ਮਕਾਨ ਨੰ. 990 ਆਰਿਆ ਨਗਰ ਵਾਸੀ ਫਾਜ਼ਿਲਕਾ ਚਲਾ ਰਿਹਾ ਸੀ। ਕੰਡਕਟਰ ਸੀਟ ਉੱਤੇ ਪ੍ਰੇਮ ਬਾਬੂ ਵਾਸੀ ਬੈਕ ਸਾਇਡ ਮੰਗੇ ਦਾ ਪੰਪ ਪ੍ਰੇਮ ਨਰਸਰੀ ਮੁਕਤਸਰ ਬੈਠਾ ਹੋਇਆ ਸੀ।

    ਪੁਲਿਸ ਨੇ ਨੌਜਵਾਨਾਂ ਨੂੰ ਕਾਰ ਦੇ ਕਾਗਜਾਤ ਚੈਕ ਕਰਵਾਉਣ ਲਈ ਕਿਹਾ। ਸ਼ੱਕ ਦੇ ਆਧਾਰ ਉੱਤੇ ਜਦੋਂ ਤਲਾਸ਼ੀ ਲਈ ਤਾਂ ਗੌਰਵ ਕੋਲੋਂ ਇੱਕ ਪਿਸਟਲ ਦੇਸੀ 315 ਬੋਰ, ਦੋ ਕਾਰਤੂਸ ਬਰਾਮਦ ਹੋਏ। ਪੁਲਿਸ ਦੁਆਰਾ ਜਦੋਂ ਦੋਨਾਂ ਨੌਜਵਾਨਾਂ ਤੋਂ ਸਖ਼ਤੀ ਨਾਲ ਪੁੱਛ-ਗਿਛ ਕੀਤੀ ਗਈ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਇੱਕ ਪਿਸਟਲ 32 ਬੋਰ ਅਤੇ 13 ਕਾਰਤੂਸ ਅਤੇ ਇੱਕ ਅਤੇ ਕਾਰ ਸਵਿਫਟ ਡਿਜਾਇਰ ਨੰਬਰ ਪੀਬੀ 13 ਬੀਬੀ 5589 ਬਰਾਮਦ ਕੀਤੀ ਹੈ।

    ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਨੇ ਪੁੱਛਗਿਛ ਵਿਚ ਮੰਨਿਆ ਕਿ ਉਨ੍ਹਾਂ ਨੇ 15-20 ਦਿਨ ਪਹਿਲਾਂ ਸੰਗਰੂਰ ਵਿੱਚ ਹਥਿਆਰਾਂ ਦੇ ਜ਼ੋਰ ਉੱਤੇ ਬੋਲੇਨੋ ਕਾਰ ਅਤੇ ਦੋ ਲੱਖ ਰੁਪਏ ਦੀ ਲੁੱਟ ਕੀਤੀ ਸੀ। ਪੁਲਿਸ ਵਲੋਂ ਕਾਬੂ ਕੀਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗਹਿਰਾਈ ਨਾਲ ਪੁੱਛ-ਗਿਛ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਐੱਸ.ਐੱਸ.ਪੀ ਡੀ ਸੁਡਰਵਿਲੀ ਨੇ ਦੱਸੀਆਂ ਕਿ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਹੋਰ ਵੀ ਲੁੱਟ ਦੀਆਂ ਘਟਨਾਵਾਂ ਬਾਰੇ ਵਿੱਚ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here