ਰਿਹਾਅ ਹੋਣ ਮਗਰੋਂ ਪੱਤਰਕਾਰ ਮਨਦੀਪ ਪੂਨੀਆ ਦਾ ਐਲਾਨ

    0
    121

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੀਤੇ ਸਨਿੱਚਰਵਾਰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਮਨਦੀਪ ਪੂਨੀਆ ਦਿੱਲੀ ਦੀ ਰੋਹਿਣੀ ਅਦਾਲਤ ਤੋਂ ਜ਼ਮਾਨਤ ਮਿਲਣ ਪਿੱਛੋਂ ਦੇਰ ਰਾਤ ਰਿਹਾਅ ਹੋ ਗਏ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪੱਤਰਕਾਰੀ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਹਨ।

    ਮਨਦੀਪ ਪੂਨੀਆ ਉੱਤੇ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਅੜਿੱਕਾ ਡਾਹੁਣ, ਸਰਕਾਰੀ ਕਰਮਚਾਰੀ ਉੱਤੇ ਹਮਲਾ ਕਰਨ ਦੇ ਦੋਸ਼ ਲਾਏ ਗਏ ਸਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਖਿੱਚ ਕੇ ਲਿਜਾਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ। ਮੈਟਰੋਪਾਲਿਟਨ ਮੈਜਿਸਟ੍ਰੇਟ ਨੇ ਐਤਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਨਦੀਪ ਪੂਨੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਜੇਲ੍ਹ ਤੋਂ ਬਾਹਰ ਆ ਕੇ ਮਨਦੀਪ ਨੇ ਕਿਹਾ ਹੈ ਕਿ ਜਦੋਂ ਸਰਕਾਰ ਲੋਕਾਂ ਤੋਂ ਕੁੱਝ ਲੁਕਾਉਣਾ ਚਾਹ ਰਹੀ ਹੋਵੇ, ਤਦ ਪੱਤਰਕਾਰੀ ਕਰਨੀ ਔਖੀ ਹੋ ਜਾਂਦੀ ਹੈ।

    ਮਨਦੀਪ ਨੇ ਆਪਣੇ ਪੈਰ ਉੱਤੇ ਲਿਖੇ ਨੋਟਸ ਵਿਖਾਉਂਦਿਆਂ ਕਿਹਾ ਕਿ ਇਹ ਜੇਲ੍ਹ ’ਚ ਬੰਦ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਨੋਟਸ ਹਨ। ਜਿਨ੍ਹਾਂ ਨੂੰ ਉਹ ਆਪਣੇ ਰਿਪੋਰਟ ਵਿੱਚ ਲਿਖਣਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਜੋ ਵੀ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ ਹੈ।

    ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਸਤਬੀਰ ਸਿੰਘ ਲਾਂਬਾ ਨੇ ਮਨਦੀਪ ਪੂਨੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਕਿਹਾ ਕਿ ਹੱਥੋਪਾਈ ਦੀ ਘਟਨਾ ਸ਼ਾਮੀਂ ਸਾਢੇ 6 ਵਜੇ ਵਾਪਰੀ ਸੀ, ਜਦ ਕਿ ਐੱਫ਼ਆਈਆਰ ਅਗਲੇ ਦਿਨ 1:20 ਵਜੇ ਦਾਇਰ ਹੋਈ ਸੀ। ਸ਼ਿਕਾਇਤਕਰਤਾ, ਪੀੜਤ ਤੇ ਗਵਾਹ ਸਭ ਪੁਲਿਸ ਮੁਲਾਜ਼ਮ ਹਨ। ਇਸ ਹਾਲਤ ਵਿੱਚ ਇੱਕ ਪੱਤਰਕਾਰ ਕਿਸੇ ਗਵਾਹ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ।

    LEAVE A REPLY

    Please enter your comment!
    Please enter your name here