ਬੀਕੇਯੂ ਉਗਰਾਹਾਂ ਵੱਲੋਂ ਲਾਕਡਾਊਨ ਵਿਰੁੱਧ 8 ਮਈ ਨੂੰ ਪੰਜਾਬ ਭਰ ‘ਚ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ

    0
    139

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਰੋਨਾ ਦੀ ਆੜ ਹੇਠ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਣ ਖਿਲਾਫ਼ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਹੱਕੀ ਵਿਰੋਧ ਪ੍ਰਦਰਸ਼ਨਾਂ ‘ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 8 ਮਈ ਨੂੰ ਡਟਵੀਂ ਸ਼ਮੂਲੀਅਤ ਕੀਤੀ ਜਾਵੇਗੀ।

    ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਦੀ ਰੋਕਥਾਮ ਅਤੇ ਪੀੜਤਾਂ ਦੇ ਸਹੀ ਇਲਾਜ ਲਈ ਲੋੜੀਂਦੀ ਜਨ-ਜਾਗ੍ਰਤੀ ਅਤੇ ਬੈੱਡਾਂ, ਵੈਂਟੀਲੇਟਰਾਂ, ਵੈਕਸੀਨੇਸ਼ਨਾਂ, ਆਕਸੀਜਨ ਆਦਿ ਦੇ ਪ੍ਰਬੰਧਾਂ ‘ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਿਰੇ ਦੀ ਗ਼ੈਰ ਜ਼ਿੰਮੇਵਾਰੀ ਦਿਖਾਈ ਗਈ ਹੈ, ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਲਟਾ ਪੁਲਿਸ ਜਬਰ ਨਾਲ ਲਾਕਡਾਊਨ ਮੜ੍ਹ ਕੇ ਆਮ ਦੁਕਾਨਦਾਰਾਂ ਤੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹੋਰ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ।ਇਸੇ ਆੜ ਹੇਠ ਆਪ੍ਰੇਸ਼ਨ ਕਲੀਨ ਵਰਗੇ ਦਬਕੇ ਵੀ ਮਾਰੇ ਗਏ ਸਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜੁਝਾਰੂ ਰੌਂਅ ਅਤੇ ਦ੍ਰਿੜ੍ਹ ਇਰਾਦਿਆਂ ਨੇ ਧੂੜ ਵਾਂਗ ਉਡਾ ਕੇ ਰੱਖ ਦਿੱਤੇ ਪਰ ਅਜੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਦੇਸ਼ ਦੀ ਪੂਰੀ ਆਰਥਿਕਤਾ ਅਡਾਨੀ ਅੰਬਾਨੀ ਅਤੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਮੋਦੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਜਿਹੜੀ ਉਸਦੀ ਪਿੱਠ ਥਾਪੜ ਰਹੀਆਂ ਕੌਮਾਂਤਰੀ ਸਾਮਰਾਜੀ ਸੰਸਥਾਵਾਂ ਸੰਸਾਰ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾਕੋਸ਼ ਦੀ ਤਾਕਤ ‘ਤੇ ਕੁੱਝ ਜ਼ਿਆਦਾ ਹੀ ਮਾਣ ਕਰੀ ਬੈਠੀ ਹੈ।

    ਉਨ੍ਹਾਂ ਨੇ ਕਿਹਾ ਕਿ ਇਸ ਮਾਣ ਨੂੰ ਚਕਨਾਚੂਰ ਕਰਨ ਅਤੇ ਇਨ੍ਹਾਂ ਸਾਰੇ ਲੋਕ-ਮਾਰੂ ਹੱਲਿਆਂ ਨੂੰ ਪਛਾੜਨ ਲਈ ਕਿਸਾਨਾਂ ਮਜਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਵਿਸ਼ਾਲ ਜੁਝਾਰੂ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਜੁਝਾਰੂ ਏਕਤਾ ਦਾ ਪਸਾਰਾ ਪੂਰੇ ਦੇਸ਼ ਵਿੱਚ ਕਰਨ ਦੀ ਲੋੜ ਹੋਰ ਵੀ ਵਧੇਰੇ ਹੈ। ਲਾਕਡਾਊਨ ਵਿਰੁੱਧ ਸੰਘਰਸ਼ ਦੀ ਹਮਾਇਤ ਰਾਹੀਂ ਏਕਤਾ ਅਤੇ ਪਸਾਰੇ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

    ਕਿਸਾਨ ਆਗੂਆਂ ਵੱਲੋਂ ਆਉਂਦੇ ਦਿਨਾਂ ਵਿੱਚ ਕੇਂਦਰ ਹਕੂਮਤ ਵਿਰੁੱਧ ਜਨਤਕ ਦਬਾਉ ਹੋਰ ਵਧਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਲਾਗੂ ਕਰਦੇ ਹੋਏ ਕਰੋਨਾ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਦਿੱਲੀ ਬਾਡਰਾਂ ਤੋਂ ਇਲਾਵਾ ਪੰਜਾਬ ਵਿੱਚ ਸਾਮਰਾਜੀ ਕਾਰੋਬਾਰਾਂ ਅਤੇ ਭਾਜਪਾ ਆਗੂਆਂ ਵਿਰੁੱਧ ਲਗਾਤਾਰ ਚੱਲ ਰਹੇ ਪੱਕੇ ਮੋਰਚਿਆਂ ਵੱਲ ਹੋਰ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।

    LEAVE A REPLY

    Please enter your comment!
    Please enter your name here