ਬਾਲੀਵੁੱਡ ਦੇ ਦਿਗਜ਼ ਸਿਤਾਰੇ ਜਗਦੀਪ ਨਹੀਂ ਰਹੇ !

    0
    116

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਫ਼ਿਲਮ ਸ਼ੋਅਲੇ ‘ਚ ‘ਸੂਰਮਾ ਭੋਪਾਲੀ’ ਦਾ ਕਿਰਦਾਰ ਨਿਭਾਅ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਦਿੱਗਜ਼ ਅਦਾਕਾਰ ਜਗਦੀਪ ਹੁਣ ਇਸ ਦੁਨੀਆਂ ‘ਚ ਨਹੀਂ ਰਹੇ। ਬੁੱਧਵਾਰ ਰਾਤ 8 ਵੱਜ ਕੇ 40 ਮਿੰਟ ‘ਤੇ ਜਗਦੀਪ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ।

    ਜਗਦੀਪ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਗਰੋਂ ਫ਼ਿਲਮ ਜਗਤ ‘ਚ ਇਕ ਵਾਰ ਫਿਰ ਤੋਂ ਸੋਗ ਦੀ ਲਹਿਰ ਹੈ। ਜਗਦੀਪ ਦਾ ਜਨਮ ਬ੍ਰਿਟਿਸ਼ ਇੰਡੀਆ ਦੇ ਦਤੀਆ ਸੈਂਟਰਲ ਪ੍ਰੋਵਿੰਸ ਜੋ ਕਿ ਹੁਣ ਮੱਧ ਪ੍ਰਦੇਸ਼ ‘ਚ ਹੈ 29 ਮਾਰਚ, 1939 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸਈਅਦ ਯਾਵਰ ਹੁਸੈਨ ਤੇ ਮਾਂ ਦਾ ਨਾਂਅ ਕਨੀਜ਼ ਹੈਦਰ ਸੀ। ਬਚਪਨ ‘ਚ ਹੀ ਜਗਦੀਪ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਦੇਸ਼ ਵੰਡ ਤੇ ਪਿਤਾ ਦੀ ਮੌਤ ਤੋਂ ਬਾਅਦ 1947 ‘ਚ ਪਰਿਵਾਰ ‘ਚ ਆਰਥਿਕ ਤੰਗੀ ਆਉਣ ਲੱਗੀ। ਇਸ ਕਾਰਨ ਉਨ੍ਹਾਂ ਦੀ ਮਾਂ ਪਰਿਵਾਰ ਨਾਲ ਮੁੰਬਈ ਆ ਗਈ।

    ਮੁੰਬਈ ‘ਚ ਜਗਦੀਪ ਦੀ ਮਾਂ ਘਰ ਦੇ ਗੁਜ਼ਾਰੇ ਲਈ ਇਕ ਅਨਾਥ ਆਸ਼ਰਮ ‘ਚ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਬੱਚਿਆਂ ਨੂੰ ਸਕੂਲ ਭੇਜਣ ਲਈ ਮਾਂ ਨੇ ਇਕ ਇਕ ਪੈਸਾ ਬਚਾਉਣਾ ਸ਼ੁਰੂ ਕੀਤਾ। ਮਾਂ ਨੂੰ ਏਨੀ ਮਿਹਨਤ ਕਰਦਿਆਂ ਦੇਖ ਕੇ ਜਗਦੀਪ ਨੇ ਸਕੂਲ ਛੱਡਣ ਦਾ ਫ਼ੈਸਲਾ ਕਰ ਲਿਆ ਤੇ ਸੜਕਾਂ ‘ਤੇ ਸਮਾਨ ਵੇਚਣ ਲੱਗੇ।

    ਬਾਅਦ ‘ਚ ਉਨ੍ਹਾਂ ਨੂੰ ਫਿਲਮਾਂ ‘ਚ ਕੰਮ ਮਿਲਿਆ। ਰਿਪੋਰਟ ਮੁਤਾਬਕ ਜਗਦੀਪ ਨੂੰ ਪਹਿਲੀ ਫ਼ਿਲਮ ਲਈ ਤਿੰਨ ਰੁਪਏ ਮਿਹਨਤਾਨਾ ਮਿਲਿਆ ਸੀ। ਇਹ ਫ਼ਿਲਮ ਸਾਲ 1951 ‘ਚ ਆਈ ‘ਅਫ਼ਸਾਨਾ’ ਫ਼ਿਲਮ ਸੀ ਜਿਸ ‘ਚ ਉਨ੍ਹਾਂ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਹਿੰਦੀ ਫ਼ਿਲਮਇੰਡਸਟਰੀ ‘ਚ ਕਾਮੇਡੀਅਨ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਜਗਦੀਪ ਨੇ ਕਰੀਬ 400 ਫ਼ਿਲਮਾਂ ‘ਚ ਕੰਮ ਕੀਤਾ।

    ਸਾਲ 1994 ‘ਚ ਆਈ ਫ਼ਿਲਮ ‘ਅੰਦਾਜ਼ ਅਪਨਾ-ਅਪਨਾ’, 1975 ‘ਚ ਆਈ ਫ਼ਿਲਮ ‘ਸ਼ੋਅਲੇ’ ਅਤੇ 1972 ‘ਚ ਆਈ ਅਪਨਾ ਦੇਸ਼ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸ਼ਲਾਘਾ ਮਿਲੀ। ਸ਼ੋਅਲੇ ਫ਼ਿਲਮ ਦੇ ਜਿਸ ਰੋਲ ਨੇ ਉਨ੍ਹਾਂ ਨੂੰ ਸਭ ਦਾ ਪਸੰਦੀਦਾ ਕਾਮੇਡੀਅਨ ਬਣਾਇਆ ਉਹ ਰੋਲ ਪਹਿਲਾਂ ਉਹ ਕਰਨਾ ਹੀ ਨਹੀਂ ਚਾਹੁੰਦੇ ਸਨ।

    ਫ਼ਿਲਮੀ ਅਦਾਕਾਰ ਜਾਵੇਦ ਜਾਫਰੀ ਜਗਦੀਪ ਦੇ ਬੇਟੇ ਹਨ। ਜਗਦੀਪ ਨੇ ਤਿੰਨ ਵਿਆਹ ਕਰਵਾਏ ਸਨ। ਉਨ੍ਹਾਂ ਦੇ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਹਨ। ਜਗਦੀਪ ਨੂੰ ਅੱਜ ਮੁੰਬਈ ਦੇ ਮਝਗਾਂਵ ਇਲਾਕੇ ‘ਚ ਸਿਯਾ ਕਬਰਿਸਤਾਨ ‘ਚ 11-12 ਵਜੇ ਸਪੁਰਦ-ਏ-ਖਾਕ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here