ਪੰਡਿਤ ਜਵਾਹਰਲਾਲ ਨਹਿਰੂ ਦੀ ਬਰਸੀ ਮੌਕੇ ਵੱਖੋ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ :

    0
    162

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਪੰਡਿਤ ਜਵਾਹਰਲਾਲ ਨਹਿਰੂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਅਤੇ ਸਭ ਤੋਂ ਵੱਧ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਾ ਵੀ ਉਨ੍ਹਾਂ ਦੇ ਨਾਂਅ ਨਾਲ ਜੁੜਿਆ ਹੋਇਆ ਹੈ। ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ 56ਵੀਂ ਬਰਸੀ ‘ਤੇ ਅੱਜ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ, ਅਤੇ ਵੱਖੋ-ਵੱਖ ਸਿਆਸੀ ਆਗੂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀਆਂ ਭੇਟ ਕਰ ਰਹੇ ਹਨ।

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਬਰਸੀ ‘ਤੇ ਸਾਡੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ।’

    ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘ਪੰਡਿਤ ਜਵਾਹਰਲਾਲ ਨਹਿਰੂ ਜੀ ਇੱਕ ਬਹਾਦੁਰ ਆਜ਼ਾਦੀ ਘੁਲਾਟੀਏ, ਆਧੁਨਿਕ ਭਾਰਤ ਦੇ ਨਿਰਮਾਤਾ ਤੇ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ। ਆਪਣੀ ਦੂਰਦ੍ਰਿਸ਼ਟੀ ਨਾਲ ਬਣਾਏ ਵਿਸ਼ਵ-ਪੱਧਰੀ ਅਦਾਰਿਆਂ ਸਦਕਾ ਉਹ ਸਦਾ ਯਾਦ ਕੀਤੇ ਜਾਂਦੇ ਰਹਿਣਗੇ, ਜਿਹੜੇ ਵਕਤ ਦੇ ਥਪੇੜਿਆਂ ਨੂੰ ਸਹਿ ਕੇ ਵੀ ਅਡੋਲ ਖੜ੍ਹੇ ਰਹੇ। ਭਾਰਤ ਦੇ ਇਸ ਮਹਾਨ ਸਪੂਤ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ।’

    ਕਾਂਗਰਸ ਪਾਰਟੀ ਵੱਲੋਂ ਜਾਰੀ ਟਵੀਟ ਵਿੱਚ ਲਿਖਿਆ ਗਿਆ ਕਿ ਤੁਹਾਡੀ ਦੂਰਦਰਸ਼ਤਾ ਨੇ ਸਾਨੂੰ ਇੱਕ ਪ੍ਰਫੁੱਲਤ ਲੋਕਤੰਤਰ ਦਿੱਤਾ, ਤੁਹਾਡੀ ਤਰਕਸ਼ੀਲਤਾ ਨੇ ਵਿਕਾਸ ਵੱਲ੍ਹ ਕਦਮ ਵਧਾਉਣ ਵਿੱਚ ਸਾਡੀ ਮਦਦ ਕੀਤੀ ਅਤੇ ਤੁਹਾਡੇ ਹਮਦਰਦੀ ਭਰੇ ਸੁਭਾਅ ਨੇ ਸਾਨੂੰ ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਇਸ ਸਾਰੇ ਅਤੇ ਹੋਰ ਬਹੁਤ ਕੁੱਝ, ਜਿਨ੍ਹਾਂ ਨੇ ਸੱਚਮੁੱਚ ਇੱਕ ਆਧੁਨਿਕ ਭਾਰਤ ਦੀ ਨੀਂਹ ਰੱਖੀ, #ਇੰਡੀਆ ਥੈਂਕਸ ਨਹਿਰੂ ਜੀ

    ਆਪ ਆਦਮੀ ਪਾਰਟੀ ਮੁਖੀ ਅਤੇ ਕੌਮੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਪੰਡਿਤ ਜਵਾਹਰਲਾਲ ਨਹਿਰੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੇਜਰੀਵਾਲ ਨੇ ਲਿਖਿਆ, ‘ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਰਸੀ ਮੌਕੇ ਪੰਡਿਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ। ਸਾਡੇ ਆਧੁਨਿਕ ਤੇ ਵਿਕਾਸਮੁਖੀ ਲੋਕਤੰਤਰ ਦੀ ਨੀਂਹ ਰੱਖਣ ਲਈ ਭਾਰਤ ਸਦਾ ਪੰਡਿਤ ਨਹਿਰੂ ਜੀ ਦਾ ਰਿਣੀ ਰਹੇਗਾ।’

    ਪੰਡਿਤ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਅਲਾਹਾਬਾਦ ਵਿਖੇ ਹੋਇਆ। ਕਾਂਗਰਸ ਪਾਰਟੀ ਵਿੱਚ ਭਰਤੀ ਹੋ ਕੇ ਉਨ੍ਹਾਂ ਮਹਾਤਮਾ ਗਾਂਧੀ ਨਾਲ ਆਜ਼ਾਦੀ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ। ਸਤੰਬਰ 1923 ਵਿੱਚ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਚੁਣੇ ਗਏ। 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਵੇਲੇ ਉਨ੍ਹਾਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਆਪਣੀ ਮੌਤ ਤੱਕ, 27 ਮਈ 1964 ਤੱਕ ਉਹ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਜੋ ਕਿ ਇਸ ਅਹੁਦੇ ਦਾ ਸਭ ਤੋਂ ਲੰਮਾ ਸਮਾਂ ਮੰਨਿਆ ਜਾਂਦਾ ਹੈ।

    LEAVE A REPLY

    Please enter your comment!
    Please enter your name here