ਪੰਜਾਬ ਸਰਕਾਰ ਦੀ ਪਨਕੈਂਪਾ ਸਕੀਮ ਜੰਗਲ ਬਚਾਉਣ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਏਗੀ : ਅਰੋੜਾ

    0
    152

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਨਕੈਂਪਾ ਸਕੀਮ ਲਾਭਪਾਤਰੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਣ ਦੇ ਨਾਲ-ਨਾਲ ਦਰੱਖਤਾਂ ਦੀ ਬੇਲੋੜੀ ਕਟਾਈ ਨੂੰ ਰੋਕਣ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਾਉਣ ਨੂੰ ਯਕੀਨੀ ਬਣਾਏਗੀ।

    ਨੇੜਲੇ ਪਿੰਡ ਨਾਰਾ ਵਿਖੇ ਜੰਗਲਾਤ ਵਿਭਾਗ ਦੀ ਪਨਕੈਂਪਾ ਸਕੀਮ ਤਹਿਤ 82 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣ ਉਪਰੰਤ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀਆ ਵਲੋਂ ਆਪਣਾ ਘਰੇਲੂ ਖਾਣਾ ਪਕਾਉਣ ਦਾ ਕੰਮ ਗੈਸ ਰਾਹੀਂ ਕਰਦਿਆਂ ਰਸੋਈਆਂ ਵਿੱਚ ਬਾਲਣ ਦੀ ਵਰਤੋਂ ਨੂੰ ਰੋਕਿਆ ਜਾਵੇਗਾ ਜਿਸ ਕਾਰਨ ਧੂੰਏ ਨਾਲ ਦੂਸ਼ਿਤ ਹੁੰਦਾ ਵਾਤਾਵਰਣ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲਾ ਅਸਰ ਵੀ ਰੁਕੇਗਾ। ਉਨ੍ਹਾਂ ਨੇ ਕੰਢੀ ਖੇਤਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਸੋਈਆਂ ਵਿੱਚ ਗੈਸ ਦੀ ਵਰਤੋਂ ਨੂੰ ਤਰਜ਼ੀਹ ਦੇਣ ਜੋ ਕਿ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਲਾਭਦਾਇਕ ਹੈ।

    ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜਿਹੜੇ ਕੁਝ ਲਾਭਪਾਤਰੀ ਫਿਲਹਾਲ ਸਕੀਮ ਦਾ ਲਾਹਾ ਲੈਣੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਦਰੱਖਤਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਉਦਯੋਗ ਮੰਤਰੀ ਨੇ ਕਿਹਾ ਕਿ ਦਰੱਖਤਾਂ ਤੋਂ ਬਿਨਾਂ ਮਨੁੱਖੀ ਜੀਵਨ ਅਧੁਰਾ ਹੈ ਜਿਨ੍ਹਾਂ ਦੀ ਰਾਖੀ ਲਈ ਸਾਰਿਆਂ ਨੂੰ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਵਣ ਮੰਡਲ ਅਫ਼ਸਰ ਅਮਨੀਤ ਸਿੰਘ, ਸਰਪੰਚ ਅਸ਼ੋਕ ਕੁਮਾਰ, ਕੁਲਵੰਤ ਰਾਏ, ਹਰਜੀਤ ਸਿੰਘ, ਹੰਸ ਰਾਜ, ਕੰਵਲਜੀਤ ਕੌਰ, ਸੰਦੀਪ ਕੌਰ (ਸਾਰੇ ਪੰਚ), ਗਿਆਨ ਚੰਦ, ਮਹਿੰਦਰ ਪਾਲ, ਸੁਰਿੰਦਰ ਕੁਮਾਰ, ਬਲਾਕ ਦਿਹਾਤੀ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here