ਪੰਜਾਬ ਨੂੰ ਬਿਜਲੀ ਸੰਕਟ ਤੋਂ ਨਹੀਂ ਮਿਲੇਗੀ ਰਾਹਤ : ਤਲਵੰਡੀ ਸਾਬੋ ਥਰਮਲ ਪਲਾਂਟ ਹੋਇਆ ਠੱਪ

    0
    169

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲ ਰਹੀ ਹੈ, ਬਿਜਲੀ ਉਤਪਦਾਨ ਲਗਾਤਾਰ ਘਟਣ ਦੇ ਨਾਲ ਹੁਣ ਸਿਰਫ਼ ਮੌਨਸੂਨ ਤੋਂ ਹੀ ਆਸ ਰਹਿ ਗਈ ਹੈ। ਨਿੱਜੀ ਪਲਾਂਟਾਂ ’ਚੋਂ ਇਕ ਤਲਵੰਡੀ ਸਾਬੋ ਥਰਮਲ ਪਲਾਂਟ ਪੂਰੀ ਤਰ੍ਹਾ ਠੱਪ ਹੋ ਗਿਆ ਹੈ ਜਿਸਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ ਤੇ ਬੀਤੇ ਦਿਨਾਂ ਤੋਂ ਅੱਧੀ ਸਮਰੱਥਾ ਨਾਲ ਚੱਲ ਰਿਹਾ ਤੀਜਾ ਯੂਨਿਟ ਵੀ ਸ਼ੁੱਕਰਵਾਰ ਨੂੰ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਰੋਪੜ ਵਿਖੇ ਸਥਿਤ ਆਪਣੇ ਪਲਾਂਟ ਦਾ ਇਕ ਯੂਨਿਟ ਬੀਤੇ ਦਿਨ ਤੋਂ ਹੀ ਬੰਦ ਹੈ। ਥਰਮਲਾਂ ’ਤੇ ਬਿਜਲੀ ਉਤਪਾਦਨ ਘਟਣ ਦੇ ਨਾਲ ਬਾਹਰੋਂ ਬਿਜਲੀ ਖ਼ਰੀਦ ਕੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ।

    ਸ਼ੁੱਕਰਵਾਰ ਨੂੰ ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਗਏ ਹਨ। ਬੀਤੇ ਦਿਨ ਥਰਮਲਾਂ ਦਾ ਬਿਜਲੀ ਉਤਪਾਦਨ ਕਰੀਬ 4600 ਮੈਗਾਵਾਟ ਤਕ ਸੀ ਜੋ ਕਿ ਸ਼ੁੱਕਰਵਾਰ ਨੂੰ 4100 ਮੈਗਾਵਾਟ ’ਤੇ ਆ ਡਿੱਗਿਆ ਹੈ। ਬਿਜਲੀ ਦੀ ਮੰਗ 13 ਹਜ਼ਾਰ 500 ਮੈਗਾਵਾਟ ਤਕ ਦਰਜ ਕੀਤੀ ਗਈ ਜਿਸ ਵਿਚੋਂ 11 ਹਜ਼ਾਰ 200 ਮੈਗਾਵਾਟ ਮੰਗ ਪੂਰੀ ਕੀਤੀ ਜਾ ਸਕਦੀ ਹੈ ਅਤੇ ਕਰੀਬ 2500 ਮੈਗਾਵਾਟ ਦੀ ਘਾਟ ਰਹੀ ਹੈ।

    ਪੰਜਾਬ ’ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਤਲਵੰਡੀ ਸਾਬੋ ਵਿਖੇ 1980 ਮੈਗਾਵਾਟ ਦਾ ਪਲਾਂਟ ਸੂਬੇ ਲਈ ਵੱਡੀ ਪਰੇਸ਼ਾਨੀ ਬਣ ਗਿਆ ਹੈ। ਇਸ ਝੋਨੇ ਦੇ ਸੀਜ਼ਨ ਵਿਚ ਪਲਾਂਟ ਦਾ ਤਿੰਨ ਨੰਬਰ ਯੂਨਿਟ ਪਹਿਲੇ ਦਿਨ ਤੋਂ ਹੀ ਬੰਦ ਪਿਆ ਹੈ ਜਦੋਂਕਿ ਇਕ ਨੰਬਰ ਯੂਨਿਟ ਕੁਝ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਸੀ ਜੋ ਕਿ ਅੱਜ ਤਕ ਚੱਲ ਨਹੀਂ ਸਕਿਆ ਹੈ। ਇਸ ਯੂਨਿਟ ਨੂੰ ਠੀਕ ਕਰਨ ਦਾ ਕੰਮ ਹਾਲੇ ਚੱਲ ਹੀ ਰਿਹਾ ਸੀ ਕਿ ਹੁਣ ਪਲਾਂਟ ਦਾ ਦੋ ਨੰਬਰ ਯੂਨਿਟ ਵੀ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਰੋਪੜ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 210 ਮੈਗਾਵਾਟ ਯੂਨਿਟ ਵਾਲਾ ਤਿੰਨ ਨੰਬਰ ਯੂਨਿਟ ਵੀ ਨਹੀਂ ਚੱਲ ਸਕਿਆ ਹੈ ਜਿਸ ਨਾਲ ਪੀਐੱਸਪੀਸੀਐੱਲ ਨੂੰ 2500 ਮੈਗਾਵਾਟ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰਾਂ ਮੁਤਾਬਕ ਤਲਵੰਡੀ ਸਾਬੋ ਦਾ ਇਕ ਨੰਬਰ ਯੂਨਿਟ ਅਗਲੇ ਇਕ ਦੋ ਦਿਨ ਤਕ ਭਾਵੇਂ ਚੱਲ ਜਾਵੇ ਪਰ ਦੋ ਨੰਬਰ ਯੂਨਿਟ ਦੇ ਗੰਭੀਰ ਨੁਕਸ ਕਰਕੇ ਚੱਲਣ ’ਤੇ ਹਾਲੇ ਕਾਫ਼ੀ ਸਮਾਂ ਲੱਗੇਗਾ। ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਮਹੀਨਾ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

    ਪੀਐੱਸਪੀਸੀਐੱਲ ਦੀਆਂ ਮੌਨਸੂਨ ’ਤੇ ਨਜ਼ਰਾਂ –

    ਬਿਜਲੀ ਉਤਪਾਦਨ ਘਟਣ ਦੇ ਨਾਲ ਪੀਐੱਸਪੀਸੀਐੱਲ ਅਧਿਕਾਰੀਆਂ ਦੀਆਂ ਨਜ਼ਰਾਂ ਹੁਣ ਸਿਰਫ਼ ਮੌਨਸੂਨ ’ਤੇ ਹੀ ਟਿਕੀਆਂ ਹਨ। ਸ਼ੁੱਕਰਵਾਰ ਨੂੰ ਬਿਜਲੀ ਕੱਟ ਦੀ ਸਮੱਸਿਆ ਨੂੰ ਲੈ ਕੇ ਪੁੱਜੇ ਸਨਅਤਕਾਰਾਂ ਦਾ ਵਫ਼ਦ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੂੰ ਮਿਲਣ ਪੁੱਜਿਆ ਜਿੱਥੇ ਬਿਜਲੀ ਕੱਟਾਂ ਤੋਂ ਰਾਹਤ ਦੀ ਮੰਗ ਕਰਨ ’ਤੇ ਅਧਿਕਾਰੀਆਂ ਵੱਲੋਂ ਮੌਨਸੂਨ ਦਾ ਹਵਾਲਾ ਦੇ ਕੇ ਮੀਂਹ ਪੈਣ ’ਤੇ ਸਭ ਠੀਕ ਹੋਣ ਦੀ ਗੱਲ ਕਹਿ ਦਿੱਤੀ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਵੱਲੋਂ ਮੀਂਹ ਪੈਣ ’ਤੇ ਬਿਜਲੀ ਦੀ ਮੰਗ ਘਟਣ ਦੇ ਨਾਲ ਬਿਜਲੀ ਸੰਕਟ ਤੋਂ ਰਾਹਤ ਮਿਲਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ।

    ਪੀਐੱਸਪੀਸੀਐੱਲ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖੇਤੀਬਾੜੀ, ਘਰੇਲੂ ਤੇ ਉਦਯੋਗਿਕ ਖੇਤਰਾਂ ’ਚ ਵੱਧ ਰਹੀ ਮੰਗ ਦੌਰਾਨ ਪ੍ਰਭਾਵਸ਼ਾਲੀ ਬਿਜਲੀ ਸਪਲਾਈ ਨੂੰ ਬਣਾਈ ਰੱਖਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਸਾਦ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਪੰਜਾਬ ਦੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹੋਰ ਸਹਾਇਤਾ ਮਿਲੇਗੀ।

    LEAVE A REPLY

    Please enter your comment!
    Please enter your name here