ਪੰਜਾਬ ‘ਚ ਸਭ ਨੂੰ ਮੁਫ਼ਤ ਲੱਗੇਗੀ ਕੋਰੋਨਾ ਵੈਕਸੀਨ, ਨਹੀਂ ਦੇਣਾ ਹੋਵੇਗਾ ਪੈਸਾ: ਬਲਬੀਰ ਸਿੰਘ ਸਿੱਧੂ

    0
    133

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਨਾ ਸਿਰਫ਼ ਸਿਹਤ ਕਾਮਿਆਂ ਲਈ ਸਗੋਂ ਆਮ ਲੋਕਾਂ ਲਈ ਵੀ ਵੈਕਸੀਨ ਮੁਫ਼ਤ ਹੋਵੇਗੀ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਾਰੇ ਰਾਜਾਂ ਦੇ ਲੋਕਾਂ ਨੂੰ ਵੈਕਸੀਨ ਮੁਫ਼ਤ ਲਾਈ ਜਾਵੇ ਪਰ ਉਹਨਾਂ ਦੇ ਬਿਆਨ ਲਗਾਤਾਰ ਬਦਲ ਰਹੇ ਹਨ।

    16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ ਟੀਕਾਕਰਣ ਲਈ ਪੂਰੀ ਤਰਾਂ ਤਿਆਰੀ ਕਰ ਲਈ ਗਈ ਹੈ। ਟੀਕੇ ਦੀਆਂ 20,450 ਵਾਈਲ (ਸ਼ੀਸ਼ੀਆਂ) ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ਵਿਚ ਟੀਕੇ ਦੀਆਂ 10 ਖੁਰਾਕਾਂ ਹਨ ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ ਵਿਚ ਦਿੱਤੀਆਂ ਜਾਣਗੀਆਂ।

    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਇਹ ਕੋਵੀਸ਼ੀਲਡ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵਲੋਂ ਐਸਟਰਾਜੇਨੇਕਾ ਨਾਲ ਮਿਲਕੇ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਵੈਕਸੀਨ ਦਾ ਉਤਪਾਦਨ ਭਾਰਤ ਵਿੱਚ ਸੀਰਮ ਇੰਸਟੀਚਿਊਟ ਵਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟਰਾਇਲਾਂ ਦਾ ਡਾਟਾ ਉਪਲੱਬਧ ਹੈ ਅਤੇ ਇਸ ਵੈਕਸੀਨ ਨੂੰ ਇੰਗਲੈਂਡ ਵਿੱਚ ਐਮਰਜੈਂਸੀ ਆਥੋਰਾਈਜੇਸ਼ਨ ਤਹਿਤ ਲਗਾਇਆ ਜਾ ਰਿਹਾ ਹੈ।

    ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੀ ਸੁਰੂਆਤ ਲਈ ਹਰੇਕ ਜ਼ਿਲ੍ਹੇ ਵਿੱਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਥੇ ਹਰੇਕ ਸਥਾਨ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲਾ ਹਸਪਤਾਲ ਐਸ.ਏ.ਐਸ.ਨਗਰ ਅਤੇ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸ਼ੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਣ/ਵੈਬਕਾਸਟ ਕੀਤਾ ਜਾਵੇਗਾ।

    ਵੈਕਸੀਨ ਲਈ ‘ਕੋਲਡ ਚੇਨ‘ ਸੰਬੰਧੀ ਤਿਆਰੀਆਂ ਬਾਰੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ -24 ਵਿਖੇ ਸਟੋਰ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here