ਪੰਜਾਬੀਆਂ ਨੇ ਖੋਲ੍ਹੀਆਂ ਬੀਜੇਪੀ ਦੀਆਂ ਅੱਖਾਂ! ਚੋਣ ਨਤੀਜਿਆਂ ਨੇ ਉਡਾਏ ਸਭ ਦੇ ਹੋਸ਼

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਬੀਜੇਪੀ ਨੂੰ ਹੁਣ ਤੱਕ ਲੱਗਦਾ ਸੀ ਕਿ ਕਿਸਾਨ ਅੰਦੋਲਨ ਦਾ ਅਸਰ ਪੇਂਡੂ ਖੇਤਰਾਂ ਵਿੱਚ ਹੈ ਤੇ ਉਨ੍ਹਾਂ ਦਾ ਵੋਟ ਬੈਂਕ ਸ਼ਹਿਰੀ ਹੋਣ ਕਰਕੇ ਜ਼ਿਆਦਾ ਅਸਰ ਨਹੀਂ ਪਏਗਾ। ਇਸ ਲਈ ਬੀਜੇਪੀ ਜਿੱਤ ਦੇ ਦਾਅਵੇ ਕਰ ਰਹੀ ਸੀ ਪਰ ਨਤੀਜਿਆਂ ਨੇ ਹੋਸ਼ ਉਡਾ ਦਿੱਤੇ।

    ਬੀਜੇਪੀ ਨੂੰ ਨਗਰ ਨਿਗਮ ਚੋਣਾਂ ਵਿੱਚ 20 ਤੇ ਨਗਰ ਕੌਂਸਲ ਚੋਣਾਂ ਵਿੱਚ ਸਿਰਫ਼ 29 ਸੀਟਾਂ ਮਿਲੀਆਂ ਹਨ। ਸਭ ਤੋਂ ਅਹਿਮ ਗੱਲ ਹੈ ਕਿ ਬੀਜੇਪੀ ਆਪਣੇ ਗੜ੍ਹ ਵੀ ਨਹੀਂ ਬਚਾ ਸਕੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਉਮੀਦਵਾਰਾਂ ਸੰਨੀ ਦਿਓਲ ਨੇ ਗੁਰਦਾਸਪੁਰ ਤੇ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਤੋਂ ਜਿੱਤ ਹਾਸਲ ਕੀਤੀ ਸੀ।

    ਹੁਣ ਦੋਵੇਂ ਸੰਸਦੀ ਹਲਕਿਆਂ ’ਚ ਪੈਂਦੀਆਂ ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ’ਤੇ ਬੀਜੇਪੀ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਹੁਸ਼ਿਆਰਪੁਰ ’ਚ ਬੀਜੇਪੀ ਨੂੰ 4 ਸੀਟਾਂ ਨਾਲ ਸਬਰ ਕਰਨਾ ਪਿਆ। ਮੁਕੇਰੀਆਂ ਵਿੱਚ ਹੀ ਬੀਜੇਪੀ ਦੇ 3 ਐਮਸੀ ਜਿੱਤ ਸਕੇ ਤੇ ਦਸੂਹਾ, ਟਾਂਡਾ, ਸ਼ਾਮ ਚੁਰਾਸੀ ’ਚ ਤਾਂ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

    ਇਸ ਤੋਂ ਇਲਾਵਾ ਅਬੋਹਰ, ਜਿੱਥੇ ਭਾਜਪਾ ਆਪਣਾ ਦਬਦਬਾ ਮੰਨਦੀ ਹੈ, ’ਚ ਵੀ ਉਸ ਦਾ ਖਾਤਾ ਨਹੀਂ ਖੁੱਲ੍ਹਿਆ। ਆਨੰਦਪੁਰ ਸਾਹਿਬ ਵਿੱਚ ਸਾਰੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਹ ਇਲਾਕਾ ਵੀ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ, ਜਿੱਥੇ ਭਾਜਪਾ ਆਪਣੇ ਆਪ ਨੂੰ ਹਮੇਸ਼ਾ ਪੱਕੇ ਪੈਰੀਂ ਸਮਝਦੀ ਹੈ, ਦੀਆਂ ਕੌਂਸਲਾਂ ’ਚ ਵੀ ਭਾਜਪਾ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

    ਦਰਅਸਲ ਕਿਸਾਨ ਅੰਦੋਲਨ ਦਾ ਅਸਰ ਸੂਬੇ ਦੀਆਂ ਮਿਉਂਸਿਪਲ ਚੋਣਾਂ ’ਤੇ ਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਦੌਰਾਨ ਕਿਸਾਨੀ ਅੰਦੋਲਨ ਕਰਕੇ ਬੀਜੇਪੀ ਨੂੰ ਉਮੀਦਵਾਰ ਲੱਭਣ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਬੀਜੇਪੀ ਆਗੂਆਂ ਨੂੰ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ।

    LEAVE A REPLY

    Please enter your comment!
    Please enter your name here