ਪੋਸ਼ਣ ਪੰਦਰਵਾੜੇ ਨੂੰ ਸਫ਼ਲ ਬਨਾਉਣ ਲਈ ਪੰਚਾਇਤਾਂ ਨੂੰ ਬਣਦਾ ਯੋਗਦਾਨ ਪਾਉਣ : ਅਮਿਤ ਕੁਮਾਰ ਪੰਚਾਲ

    0
    119

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਜ਼ਿਲ੍ਹੇ ਵਿੱਚ ਸ਼ੁਰੂ ਹੋਏ ਪੋਸ਼ਣ ਪੰਦਰਵਾੜੇ ਨੂੰ ਪੂਰੀ ਤਰ੍ਹਾਂ ਸਫ਼ਲ ਬਨਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਅੱਜ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਨਾਲ-ਨਾਲ ਪਿੰਡਾਂ ਦੇ ਹਰ ਘਰ ਵਿੱਚ ਪੋਸ਼ਣ ਵਾਟਿਕਾ ਬਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ।

    ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜੱਚਾ-ਬੱਚਾ ਦੀ ਸੁਚੱਜੀ ਸਿਹਤ ਸੰਭਾਲ, ਵਿਕਾਸ ਅਤੇ ਪੌਸ਼ਟਿਕ ਖੁਰਾਕ ਆਦਿ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਸ਼ੁਰੂ ਕੀਤੇ ਇਸ ਪੰਦਰਵਾੜੇ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਜ਼ਰੂਰੀ ਹੈ ਜੋ ਕਿ ਪੰਚਾਇਤਾਂ ਅਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਤੋਂ ਬਿਨ੍ਹਾਂ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਪੰਚਾਇਤਾਂ ਅਤੇ ਹੋਰਨਾਂ ਸਮਾਜਿਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪੋਸ਼ਣ ਪੰਦਰਵਾੜੇ ਤਹਿਤ ਹੋਣ ਵਾਲੀਆਂ ਸਰਗਰਮੀਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ ਤਾਂ ਜੋ ਬੱਚਿਆਂ ਵਿੱਚ ਕੁਪੋਸ਼ਣ ਦੇ ਖਾਤਮੇ ਨੂੰ ਅਸਲੀਅਤ ਵਿੱਚ ਤਬਦੀਲ ਕੀਤਾ ਜਾ ਸਕੇ।ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੀਆਂ ਟੀਮਾਂ ਵਲੋਂ ਪਿੰਡਾਂ ਵਿੱਚ ਆਂਗਣਵਾੜੀ ਸੈਂਟਰਾਂ ਵਿਖੇ ਪੰਚਾਇਤੀ ਨੁਮਾਇੰਦਿਆਂ ਅਤੇ ਹੋਰਨਾਂ ਮੋਹਤਬਰਾਂ ਨਾਲ ਅਹਿਮ ਵਿਚਾਰਾਂ ਕਰਕੇ ਬੱਚਿਆਂ ਨੂੰ ਕੁਪੋਸ਼ਣ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ 19 ਮਾਰਚ ਨੂੰ ਵੀ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਉਮਰ ਦੇ ਸਾਰੇ ਬੱਚਿਆਂ ਦਾ ਭਾਰ/ਕੱਦ ਨਾਪਿਆ ਜਾਵੇਗਾ ਅਤੇ ਉਨ੍ਹਾਂ ਵਿੱਚੋਂ ਮੱਧਮ ਗੰਭੀਰ ਕੁਪੋਸ਼ਿਤ ਅਤੇ ਅਤਿ-ਗੰਭੀਰ ਕੁਪੋਸ਼ਿਤ ਬੱਚਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਵੱਲ ਵਿਸ਼ੇਸ਼ ਤਵੱਜੋਂ ਦਿੰਦਿਆਂ ਉਨ੍ਹਾਂ ਨੂੰ ਸਿਹਤਮੰਦ ਬਨਾਉਣ ਲਈ ਉਪਰਾਲੇ ਕੀਤੇ ਜਾਣਗੇ। ਕੋਵਿਡ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਆਸ਼ਾ ਵਰਕਰਾਂ ਵਲੋਂ ਮਾਵਾਂ ਨੂੰ ਛੋਟੇ-ਛੋਟੇ ਗਰੁੱਪਾਂ ਵਿੱਚ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਬੱਚਿਆਂ ਦਾ ਭਾਰ ਅਤੇ ਕੱਦ ਨਾਪਿਆ ਗਿਆ ਅਤੇ ਮੌਕੇ ’ਤੇ ਹੀ ਬੱਚੇ ਦੀ ਪੋਸ਼ਣ ਸਥਿਤੀ ਬਾਰੇ ਵੀ ਦੱਸਿਆ ਗਿਆ।

    ਇਸ ਮੌਕੇ ਮਾਵਾਂ ਨੂੰ ਜਾਗਰੂਕ ਕਰਦਿਆਂ ਬੱਚੇ ਨੂੰ ਜਨਮ ਤੋਂ ਇਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਦੇਣਾ ਸ਼ੁਰੂ ਕੀਤਾ ਜਾਵੇ ਅਤੇ ਕੁੱਝ ਵੀ ਓਪਰਾ ਨਾ ਦਿੱਤਾ ਜਾਵੇ। ਆਸ਼ਾ ਵਰਕਰਾਂ ਵਲੋਂ ਦੱਸਿਆ ਗਿਆ ਕਿ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ 6 ਮਹੀਨੇ ਤੋਂ ਤੁਰੰਤ ਬਾਅਦ 2 ਸਾਲ ਤੱਕ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਸਹੀ ਮਾਤਰਾ ਵਿੱਚ ਪੂਰਕ ਖੁਰਾਕ ਦਿੱਤੀ ਜਾਵੇ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਹੁਸ਼ਿਆਰਪੁਰ-2 ਰਣਜੀਤ ਕੌਰ, ਸੁਪਰਵਾਈਜ਼ਰ ਮੰਜੂ ਬਾਲਾ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here