ਪੁਲਿਸ ਟੀਮਾਂ ਨੇ ਕੌਂਸਲਰਾਂ ਸਮੇਤ ਲੋਕਾਂ ਨੂੰ ਕੋਰੋਨਾ ਪ੍ਰਤੀ ਕੀਤਾ ਜਾਗਰੂਕ

    0
    123

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਸੁਚੇਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਵੱਖ-ਵੱਖ ਡੀ.ਐਸ.ਪੀਜ਼ ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਸਬੰਧਤ ਕੌਂਸਲਰਾਂ ਦੀ ਮੌਜੂਦਗੀ ’ਚ ਲੋਕਾਂ ਨੂੰ ਲੋੜੀਂਦੀ ਅਹਿਤਿਆਤ ਵਰਤਣ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਨਾ ਘੁੰਮਣ ਸੰਬੰਧੀ ਪ੍ਰੇਰਿਤ ਕੀਤਾ ਗਿਆ।

    ਡੀ.ਐਸ.ਪੀ. (ਹੈਡਕੁਆਟਰ) ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ. (ਸਿਟੀ) ਸਤਿੰਦਰ ਕੁਮਾਰ, ਡੀ.ਐਸ.ਪੀ. ਜਸਪ੍ਰੀਤ ਸਿੰਘ ਅਤੇ ਡੀ.ਐਸ.ਪੀ. ਮਾਧਵੀ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਵਲੋਂ ਸੈਸ਼ਨ ਚੌਕ, ਕਮਾਲਪੁਰ ਚੌਕ, ਸਰਕਾਰੀ ਕਾਲਜ ਚੌਕ, ਪ੍ਰਭਾਤ ਚੌਕ, ਫਗਵਾੜਾ ਚੌਕ, ਬਸ ਸਟੈਂਡ, ਬਹਾਦਰਪੁਰ ਚੌਕ, ਸ਼ਿਮਲਾ ਪਹਾੜੀ ਚੌਕ ਆਦਿ ਖੇਤਰਾਂ ਵਿੱਚ ਕੌਂਸਲਰਾਂ ਦੀ ਮੌਜੂਦਗੀ ਵਿੱਚ ਲੋਕਾਂ ਨੂੰ ਕੋਰੋਨਾ ਦੀ ਗੰਭੀਰ ਹੁੰਦੀ ਜਾ ਰਹੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਪੁਲਿਸ ਟੀਮਾਂ ਨੇ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿੱਚ ਕਿਸੇ ਤਰ੍ਹਾਂ ਦੀ ਢਿੱਲਮੱਠ ਨਾ ਦਿਖਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਲੋੜੀਂਦੀ ਅਹਿਤਿਆਤ ਵਰਤਣ ਨਾਲ ਹੀ ਕੋਰੋਨਾ ਖਿਲਾਫ਼ ਮੁੜ ਫਤਿਹ ਦਰਜ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਮਾਸਕ ਪਹਿਨਣ, ਇਕ-ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਆਦਿ ਮੁੱਖ ਹਦਾਇਤਾਂ ਦੀ ਪਾਲਣਾ ’ਚ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਬਿਨਾਂ ਵਜ੍ਹਾ ਵਾਲੀ ਆਵਾਜਾਈ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਾਈਟ ਕਰਫਿਊ ਆਦਿ ਦੀ ਵੀ ਉਲੰਘਣਾ ਨਾ ਕੀਤੀ ਜਾਵੇ।

    ਇਸੇ ਦੌਰਾਨ ਡੀ.ਐਸ.ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 1 ਮਈ ਤੋਂ ਲੈ ਕੇ ਹੁਣ ਤੱਕ ਹਦਾਇਤਾਂ ਦੀ ਉਲੰਘਣਾ ਸੰਬੰਧੀ 96 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

    LEAVE A REPLY

    Please enter your comment!
    Please enter your name here