ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਵਿਰੁੱਧ ‘ਆਪ’ ਯੂਥ ਵਿੰਗ ਵੱਲੋਂ ਸਰਕਾਰ ਨੂੰ ਚਿਤਾਵਨੀ

    0
    156

    ਚੰਡੀਗੜ੍ਹ, (ਰਵਿੰਦਰ) :

    ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਬੇਹੱਦ ਗੰਭੀਰ ਹਾਲਾਤ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਇਕ ਮੀਤ ਹੇਅਰ ਨੇ ਕਿਹਾ ਕਿ ਸੂਬੇ ਅੰਦਰ ‘ਡਰੱਗ ਮਾਫੀਆ’ ਦਾ ਕਹਿਰ ਜਿਉਂ ਦਾ ਤਿਉਂ ਹੈ। ਨਸ਼ੇ ਦੀ ਮਾੜੀ ਲੱਤ ਕਾਰਨ ਮਾਵਾਂ- ਭੈਣਾਂ ਨੂੰ ਵਿਲਕਦੀਆਂ ਛੱਡ ਘਰਾਂ ਦੇ ਚਿਰਾਗ ਬੁਝ ਰਹੇ ਹਨ। ਪ੍ਰੰਤੂ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਮੌਜ਼ੂਦਾ ਕਾਂਗਰਸੀ ਵੀ ਡਰੱਗ ਮਾਫੀਆ ਨਾਲ ਰਲ਼ੇ ਹੋਏ ਹਨ, ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਗੱਭਰੂ ਜਵਾਨ ਇਹਨਾਂ ਦੇ ਏਜੰਡੇ ’ਤੇ ਨਹੀਂ ਹਨ। ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਅਤੇ ਅਖ਼ਬਾਰੀ ਸੁਰਖ਼ੀਆਂ ’ਤੇ ਕਾਂਗਰਸੀਆਂ ਦੀ ਚੁੱਪ ਹੀ ਸੱਤਾਧਾਰੀਆਂ ਨੂੰ ਦੋਸ਼ੀ ਸਾਬਤ ਕਰ ਰਹੀ ਹੈ।

    ਮੀਤ ਹੇਅਰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਕੋਲੋਂ ਜਵਾਬ ਮੰਗਿਆਂ ਕਿ ਪਿਛਲੇ 15-20 ਦਿਨਾਂ ਤੋਂ ਬਠਿੰਡਾ ਦੇ ਇਲਾਕੇ ’ਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ’ਤੇ ਉਹਨਾਂ ਦੀ ਜ਼ੁਬਾਨ ਅਜੇ ਤੱਕ ਕਿਉਂ ਨਹੀਂ ਖੁੱਲ੍ਹੀ? ਇਸੇ ਤਰ੍ਹਾਂ ਬਠਿੰਡਾ ਤੋਂ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਸਿੰਥੈਟਿਕ ਨਸ਼ੇ ਦੀ ਰਾਜਧਾਨੀ ਬਣਦੇ ਜਾ ਰਹੇ ਬਠਿੰਡੇ ਬਾਰੇ ਇੱਕ ਵੀ ਸ਼ਬਦ ਨਹੀਂ ਬੋਲ ਰਹੇ।

    ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਬਾਦਲਾਂ ਵੱਲੋਂ ਸ਼ੁਰੂ ਕੀਤੇ ਗਏ ਨਸ਼ੇ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕਰ ਰਹੇ ਹਨ। ਇਸੇ ਕਾਰਨ ਹੀ ਹੱਥ ’ਚ ਸ੍ਰੀ ਗੁੱਟਕਾ ਸਾਹਿਬ ਫੜ ਕੇ ਸਹੁੰ ਖਾਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਨਾ ਤਾਂ ਬਾਦਲਾਂ ਵੱਲੋਂ ਸ਼ੁਰੂ ਕੀਤੇ ਗਏ ਮਾਫ਼ੀਏ ਨੂੰ ਰੋਕਣ ਦਾ ਕੋਈ ਯਤਨ ਕੀਤਾ ਗਿਆ ਹੈ ਤੇ ਨਾ ਹੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਉਤੇ ਕੋਈ ਕਾਰਵਾਈ ਕੀਤੀ ਗਈ ਹੈ।

    ਮੀਤ ਮੁਤਾਬਕ ਇਹ ਦੋਸ਼ ਕੇਵਲ ‘ਆਪ’ ਹੀ ਨਹੀਂ ਸਗੋਂ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਵੀ ਲਾ ਰਹੇ ਹਨ, ਪ੍ਰੰਤੂ ਮੁੱਖ ਮੰਤਰੀ ਨੂੰ ਭੋਰਾ ਫ਼ਰਕ ਨਹੀਂ ਪੈ ਰਿਹਾ। ਅੰਤ ਵਿੱਚ ਆਪਣੀ ਚਿਤਾਵਨੀ ਦੁਹਰਾਉਂਦੇ ਹੋਏ ਮੀਤੇ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਨਾਲ ਹਰ ਰੋਜ਼ ਹੋ ਰਹੀਆਂ ਮੌਤਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਅਤੇ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਵੀ ਠੋਸ ਕਦਮ ਨਾ ਲੈਣ ਦਾ ਵਿਰੋਧ ’ਚ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਆਉਂਦੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰੇਗਾ।

     

    LEAVE A REPLY

    Please enter your comment!
    Please enter your name here