ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਦਾ ਖ਼ੂਨ ਖੌਲਿਆ, ਔਰਤਾਂ ਤੋਂ ਲੈ ਕੇ ਬੱਚਿਆਂ ਤੱਕ ਸੰਘਰਸ਼ ‘ਚ ਕੁੱਦੇ

    0
    162

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸੰਸਦ ਵਿੱਚ ਖੇਤੀ ਨਾਲ ਜੁੜੇ ਬਿੱਲ ਚਾਹੇ ਪਾਸ ਹੋ ਗਏ ਹਨ ਪਰ ਪੰਜਾਬ ਦੀ ਫਿਜ਼ਾ ਵਿੱਚ ਉਭਾਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਖੁੱਲ੍ਹ ਕੇ ਕਿਸਾਨਾਂ ਨਾਲ ਡਟਣ ਮਗਰੋਂ ਸੰਘਰਸ਼ ਪੂਰੀ ਤਰ੍ਹਾਂ ਭੱਖ ਗਿਆ ਹੈ। ਬੇਸ਼ੱਕ ਸਿਆਸੀ ਪਾਰਟੀਆਂ ਇਸ ਮੁੱਦੇ ਉੱਪਰ ਇੱਕ-ਦੂਜੇ ਨੂੰ ਘੇਰ ਰਹੀਆਂ ਹਨ ਪਰ ਪੰਜਾਬ ਦਾ ਹਰ ਕਿਸਾਨ ਸੰਘਰਸ਼ ਦੇ ਮੈਦਾਨ ਵਿੱਚ ਆ ਗਿਆ ਹੈ।

    ਉੱਧਰ, ਲੋਕਾਂ ਦੀ ਮਿਲੀ ਵੱਡੀ ਹਮਾਇਤ ਮਗਰੋਂ ਸੰਘਰਸ਼ ਕਰ ਰਹੀਆਂ ਕਿਸਾਨਾਂ ਜੱਥੇਬੰਦੀਆਂ ਵੀ ਇੱਕਜੁਟ ਹੋਣ ਲੱਗੀਆਂ ਹਨ। ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਰੇਲ ਆਵਾਜਾਈ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 48 ਘੰਟੇ ਦੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਇਸ ਤਹਿਤ 24 ਤੋਂ 26 ਸਤੰਬਰ ਤੱਕ ਰੇਲ ਆਵਾਜਾਈ ਰੋਕੀ ਜਾਵੇਗੀ।

    ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਨੇ ਜੇਲ੍ਹ ਭਰੋ ਅੰਦੋਲਨ ਤਹਿਤ ਤਿੰਨ ਜ਼ਿਲ੍ਹਿਆਂ ਵਿੱਚ ਸੰਘਰਸ਼ ਇੱਕ ਅਕਤੂਬਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਵੀ ਕੀਤਾ ਹੈ। ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਹ ਸੰਘਰਸ਼ ਵੱਖ-ਵੱਖ ਕੀਤਾ ਜਾ ਰਿਹਾ ਹੈ। ਇਸ ਲਈ ਅਲੋਚਨਾ ਵੀ ਹੋ ਰਹੀ ਹੈ। ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਕਿਸਾਨ ਜੱਥੇਬੰਦੀਆਂ ਇੱਕਜੁੱਟ ਹੋ ਸਕਦੀਆਂ ਹਨ। ਉਂਝ ਹੁਣ ਵੀ ਕਈ ਧਿਰਾਂ ਨੇ ਇੱਕ-ਦੂਜੇ ਦੇ ਐਕਸ਼ਨ ਦੀ ਹਮਾਇਤ ਦਾ ਐਲਾਨ ਕੀਤਾ ਹੈ।

    ਅਹਿਮ ਗੱਲ ਹੈ ਕਿ ਇਸ ਸੰਘਰਸ਼ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨਾਲ ਜੁੜੇ ਕਿਸਾਨ ਵੀ ਆਪ ਮੁਹਾਰੇ ਪਹੁੰਚ ਰਹੇ ਹਨ। ਕਿਸਾਨ ਸਿਆਸੀ ਲੀਡਰਾਂ ਦੀ ਸੁਣਨ ਦੀ ਬਜਾਏ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਹੀ ਕਾਰਨ ਹੈ ਕਿ ਪਿੰਡਾਂ ਵਿੱਚੋਂ ਹਰ ਧਿਰ ਦੇ ਲੋਕ ਆਪ ਮੁਹਾਰੇ ਸੰਘਰਸ਼ ਵਿੱਚ ਕੁੱਦ ਰਹੇ ਹਨ। ਇਹ ਵੀ ਦਿਲਚਸਪ ਹੈ ਕਿ ਇਸ ਵਾਰ ਸੰਘਰਸ਼ ਵਿੱਚ ਔਰਤਾਂ ਤੇ ਨੌਜਵਾਨ ਮੂਹਰੇ ਹੋ ਕੇ ਰੋਲ ਨਿਭਾਅ ਰਹੇ ਹਨ।

    LEAVE A REPLY

    Please enter your comment!
    Please enter your name here