ਖੇਤੀ ਕਾਨੂੰਨਾਂ ਦੇ ਰੋਸ ਵਜੋਂ ਕਿਸਾਨ ਲੀਡਰਾਂ ਵੱਲੋਂ ਨਿਵੇਕਲੇ ਢੰਗ ਨਾਲ ਲੋਹੜੀ ਮਨਾਉਣ ਦਾ ਸੱਦਾ

    0
    120

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨ ਆਗੂ ਇਸ ਵਿਚਾਲੇ ਆਉਣ ਵਾਲੇ ਤਿਉਹਾਰਾਂ ਮੌਕੇ ਇਨਾਂ ਤਿਉਹਾਰਾਂ ਨੂੰ ਨਿਵੇਕਲੇ ਤੇ ਪ੍ਰਦਰਸ਼ਨ ਰੂਪੀ ਢੰਗ ਨਾਲ ਮਨਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਪ੍ਰਦਰਸ਼ਨ ਦਰਜ ਕਰਵਾਉਂਦੇ ਆ ਰਹੇ ਹਨ। ਕਿਸਾਨਾਂ ਵੱਲੋਂ ਇਸ ਵਾਰ ਲੋਹੜੀ ਦੇ ਤਿਉਹਾਰ ਮੌਕੇ ਘਰਾਂ, ਮੁਹੱਲਿਆਂ ਤੇ ਸੱਥਾਂ ‘ਚ ਬਾਲੇ ਜਾਣ ਵਾਲੇ ਭੁੱਗੇ ‘ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ।

    ਇਸ ਦੀ ਸ਼ੁਰੂਆਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਚੱਬਾ ਸਥਿਤ ਹੈਡਕੁਆਟਰ ਤੋਂ ਕਰ ਦਿੱਤੀ ਹੈ, ਜਿੱਥੇ ਅੱਜ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਭੁੱਗਾ ਬਾਲ ਕੇ ਲੋਹੜੀ ਮੌਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਨਾਲ ਹੀ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਲੋਹੜੀ ‘ਤੇ ਇਸ ਵਾਰ 13 ਕਰੋੜ ਕਾਪੀਆਂ (ਖੇਤੀ ਕਾਨੂੰਨਾਂ) ਸਾੜੀਆਂ ਜਾਣ।

    ਆਮ ਤੌਰ ਤੇ ਪੰਜਾਬ ‘ਚ ਲੋਹੜੀ ਦੇ ਤਿਉਹਾਰ ਸਬੰਧੀ ਭੁੱਗੇ ਬਾਲਣੇ ਤਿੰਨ ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿੱਥੇ ਦੁਸਹਿਰੇ ਤੇ ਅਡਾਨੀ ਅੰਬਾਨੀ ਦੇ ਪੁਤਲੇ ਸਾੜੇ ਗਏ, ਉਥੇ ਹੀ ਦੀਵਾਲੀ ਤਿਉਹਾਰ ਨੂੰ ਕਾਲੀ ਦੀਵਾਲੀ ਵਜੋਂ ਮਨਾਇਆ ਗਿਆ ਸੀ।

    ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਉਸ ਵੇਲੇ ਤਕ ਜਾਰੀ ਰਹੇਗਾ, ਜਦ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀ ਹੋ ਜਾਂਦੇ ਤੇ ਇਸ ਅੰਦੋਲਨ ਦੌਰਾਨ ਆਉਣ ਵਾਲੇ ਹਰ ਤਿਉਹਾਰ ਨੂੰ ਕਿਸਾਨ ਰੋਸ ਪ੍ਰਦਰਸ਼ਨ ਕਰਕੇ ਮਨਾਉਣਗੇ ਤੇ ਅਸਲੀ ਤਿਉਹਾਰ ਉਦੋਂ ਹੀ ਮਨਾਏ ਜਾਣਗੇ ਜਦ ਇਹ ਖੇਤੀ ਕਾਨੂੰਨ ਰੱਦ ਹੋਣਗੇ।

    ਉਸ ਵੇਲੇ ਤਕ ਅੰਦੋਲਨ ਜਾਰੀ ਰਹੇਗਾ ਨਾਲ ਹੀ ਪੰਧੇਰ ਤੇ ਬਾਕੀ ਆਗੂਆਂ ਨੇ ਐਲਾਨ ਕੀਤਾ ਕਿ ਲੋਹੜੀ ਤੋਂ ਬਾਅਦ ਦਿੱਲੀ ‘ਚ ਹੋਣ ਵਾਲੇ ਟਰੈਕਟਰ ਮਾਰਚ ਦੀ ਜੰਗੀ ਪੱਧਰ ‘ਤੇ ਤਿਆਰੀ ਕੀਤੀ ਜਾਵੇਗੀ।

     

    LEAVE A REPLY

    Please enter your comment!
    Please enter your name here