‘ਖੇਤੀ ਕਾਨੂੰਨਾਂ ਕਾਰਨ ਮਹਿੰਗੇ ਹੋਏ ਪਿਆਜ਼, ਚੌਲ ਤੇ ਦਾਲਾਂ ਵੀ ਮਹਿੰਗੀਆਂ ਹੋਣਗੀਆਂ’- ਕੇਰਲ ਸਰਕਾਰ

    0
    142

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਰਲ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵੀ.ਐਸ ਸੁਨੀਲ ਕੁਮਾਰ ਨੇ ਹਾਲ ਹੀ ਵਿੱਚ ਰਾਜ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਦਾ ਪ੍ਰਭਾਵ ਦੱਸਿਆ ਹੈ।

    ਦੱਸ ਦਈਏ ਕਿ ਸਰਕਾਰ ਨੇ ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਖ਼ਲ ਦਿੱਤਾ ਸੀ। ਕੇਰਲ ਵਿੱਚ ਪਿਛਲੇ ਹਫ਼ਤੇ ਪਿਆਜ਼ ਦੀ ਕੀਮਤ 90 ਤੋਂ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ, ਜਦੋਂਕਿ ਕਈਂ ਥਾਵਾਂ ਉਤੇ ਪ੍ਰਚੂਨ ਪਿਆਜ਼ 120 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੇ ਹਨ।

    ਇਸ ਸਬੰਧੀ ਖੇਤੀਬਾੜੀ ਮੰਤਰੀ ਵੀ.ਐਸ ਸੁਨੀਲ ਕੁਮਾਰ ਨੇ ਕਿਹਾ ਕਿ ਕੇਂਦਰ ਵੱਲੋਂ ਲਾਗੂ ਕੀਤੇ ਖੇਤੀਬਾੜੀ ਕਾਨੂੰਨਾਂ ਦਾ ਇਹ ਪਹਿਲਾ ਪ੍ਰਭਾਵ ਹੈ। ਇਹ ਸਿਰਫ਼ ਪਿਆਜ਼ ਤੱਕ ਸੀਮਿਤ ਨਹੀਂ ਰਹੇਗਾ, ਦਾਲਾਂ ਅਤੇ ਚੌਲਾਂ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਨਾਲ ਹੀ, ਕਿਸਾਨਾਂ ਨੂੰ ਇਸ ਵਿਚੋਂ ਇਕ ਪੈਸਾ ਵੀ ਨਹੀਂ ਮਿਲੇਗਾ।

    ਦੱਸ ਦਈਏ ਕਿ ਕੇਂਦਰ ਸਰਕਾਰ ਨੇ ਅਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਿਆਜ਼ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਨੂੰ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਰਾਹਤ ਦੇਣ ਦੇ ਇਰਾਦੇ ਨਾਲ ਜਿੱਥੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਦੇ ਰਾਖਵੇਂ ਭੰਡਾਰਾਂ/ਬਫ਼ਰ ਸਟਾਕ ’ਚੋਂ ਪਿਆਜ਼ ਦੀ ਖੇਪ ਚੁੱਕਣ ਲਈ ਕਿਹਾ ਹੈ, ਉਥੇ ਪਿਆਜ਼ ਦੇ ਥੋਕ ਤੇ ਪ੍ਰਚੂਨ ਵਪਾਰੀਆਂ ਦੇ ਫ਼ਸਲ ਦਾ ਭੰਡਾਰ ਕਰਨ ’ਤੇ ਲਿਮਟ ਨਿਰਧਾਰਿਤ ਕਰ ਦਿੱਤੀ ਹੈ, ਜੋ 31 ਦਸੰਬਰ ਤਕ ਲਾਗੂ ਰਹੇਗੀ।

    ਪ੍ਰਚੂਨ ਵਪਾਰੀਆਂ ਲਈ ਭੰਡਾਰਨ ਲਿਮਟ 2 ਟਨ ਜਦੋਂਕਿ ਥੋਕ ਵਪਾਰੀ ਹੁਣ 25 ਟਨ ਪਿਆਜ਼ ਹੀ ਸਟਾਕ ਕਰ ਸਕਣਗੇ। ਕਾਬਿਲੇਗੌਰ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 75 ਰੁਪਏ ਪ੍ਰਤੀ ਕਿਲੋ ਦੇ ਭਾਅ ਨੂੰ ਪੁੱਜ ਗਈਆਂ ਹਨ। ਦੱਖਣੀ ਰਾਜਾਂ ਵਿੱਚ ਪਿਆਜ਼ ਸੌ ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਹੈ। ਖ਼ਪਤਕਾਰ ਮਾਮਲਿਆਂ ਨਾਲ ਸੰਬੰਧਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 22 ਅਕਤੂਬਰ ਨੂੰ ਮੁੰਬਈ ਵਿੱਚ ਪ੍ਰਚੂਨ ’ਚ ਪਿਆਜ਼ ਦੀ ਕੀਮਤ 86 ਰੁਪਏ ਕਿਲੋ, ਚੇਨੱਈ ’ਚ 83 ਰੁਪਏ ਜਦੋਂਕਿ ਕੋਲਕਾਤਾ ਤੇ ਦਿੱਲੀ ਵਿੱਚ ਕ੍ਰਮਵਾਰ 70 ਤੇ 55 ਰੁਪਏ ਪ੍ਰਤੀ ਕਿਲੋ ਸੀ।

    LEAVE A REPLY

    Please enter your comment!
    Please enter your name here