ਕੋਵਿਡ-19: ਡੀ.ਸੀ. ਨੇ ਫੁੱਲ ਅਤੇ ਫ਼ਲ ਸ਼ੁੱਭ ਕਾਮਨਾਵਾਂ ਵਜੋਂ ਭੇਟ ਕਰਕੇ ਘਰ ਲਈ ਕੀਤਾ ਰਵਾਨਾ

    0
    147

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਲਈ ਅੱਜ ਇਕ ਚੰਗੀ ਖਬਰ ਹੈ ਕਿ ਪਿੰਡ ਮੋਰਾਂਵਾਲੀ ਦਾ ਵਸਨੀਕ ਗੁਰਪ੍ਰੀਤ ਸਿੰਘ ਕੋਰੋਨਾ ‘ਤੇ ਫਤਿਹ ਪਾਉਣ ਵਿੱਚ ਕਾਮਯਾਬ ਹੋ ਗਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਇਸ ਨੌਜਵਾਨ ਨੂੰ ਫੁੱਲ ਅਤੇ ਫਲ ਭੇਟ ਕਰਕੇ ਉਜਵੱਲ ਭਵਿੱਖ ਦੀ ਕਾਮਨਾ ਕਰਦਿਆਂ ਆਪਣੇ ਘਰ ਲਈ ਰਵਾਨਾ ਕੀਤਾ। ਗੁਰਪ੍ਰੀਤ ਸਿੰਘ (33) ਸਵਰਗੀ ਹਰਭਜਨ ਸਿੰਘ ਦਾ ਪੁੱਤਰ ਹੈ ਅਤੇ ਹੁਣ ਮੌਜੂਦਾ ਤੌਰ ‘ਤੇ ਗੁਰਪ੍ਰੀਤ ਸਿੰਘ ਦੀ ਪੋਜ਼ੀਟਿਵ ਪਤਨੀ, ਮਾਤਾ ਅਤੇ ਇਕ ਗੁਆਂਢਣ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ। ਅੱਜ ਗੁਰਪ੍ਰੀਤ ਸਿੰਘ ਨੂੰ ਉਸਦੀ ਭੈਣ ਸੰਦੀਪ ਕੌਰ ਸਮੇਤ ਡੇਢ ਸਾਲ ਦਾ ਬੇਟਾ ਅਭਿਜੋਤ ਸਿੰਘ ਅਤੇ 6 ਸਾਲ ਦੀ ਬੇਟੀ ਹਰਲੀਨ ਕੌਰ ਲੈਣ ਲਈ ਆਏ ਸਨ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਗੁਰਪ੍ਰੀਤ ਸਿੰਘ ਨੂੰ ਤੰਦਰੁਸਤ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਨਾ ਹੈ ਅਤੇ ਜੇਕਰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਪ੍ਰਸਾਸ਼ਨ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਗੁਰਪ੍ਰੀਤ ਸਿੰਘ ਨਾਲ ਉਸਦੇ ਪਿਤਾ ਦੀ ਮੌਤ ‘ਤੇ ਦੁੱਖ ਵੀ ਸਾਂਝਾ ਕੀਤਾ।

    ਡਿਪਟੀ ਕਮਿਸ਼ਨਰ ਨੇ ਆਈਸੋਲੇਸ਼ਨ ਵਾਰਡ ‘ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਇਕ ਮਰੀਜ਼ ਸਿਹਤਯਾਬ ਹੋ ਚੁੱਕਾ ਹੈ ਅਤੇ ਬਾਕੀ ਉਕਤ ਤਿੰਨ ਸਿਹਤਯਾਬੀ ਵੱਲ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਬਾਕੀ ਦੇ ਤਿੰਨ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣਗੇ ਅਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।

    ਅਪਨੀਤ ਰਿਆਤ ਨੇ ਸਮੁੱਚੇ ਸਿਹਤ ਵਿਭਾਗ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਿਭਾਈ ਜਾ ਰਹੀ ਜਨੂੰਨੀ ਡਿਊਟੀ ਸਦਕਾ ਪਿਛਲੇ 13 ਦਿਨਾਂ ਤੋਂ ਜ਼ਿਲ੍ਹੇ ਵਿੱਚ ਕੋਈ ਵੀ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਹੋਮ ਕੁਆਰਨਟਾਈਨ ਕੀਤੇ ਵਿਅਕਤੀ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਪਹਿਲਾਂ ਦੀ ਤਰ੍ਹਾਂ ਹੀ ਘਰਾਂ ਵਿੱਚ ਰਹਿਣ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਕਜੁੱਟਤਾ ਨਾਲ ਜਲਦੀ ਹੀ ਕੋਰੋਨਾ ਖਿਲਾਫ ਜੰਗ ਜਿੱਤ ਲਈ ਜਾਵੇਗੀ।

    ਇਸ ਮੌਕੇ ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਨੋਡਲ ਅਫ਼ਸਰ ਡਾ. ਸੈਲੇਸ਼, ਡਾ. ਸਤਪਾਲ ਗੋਜਰਾ, ਐੱਸ.ਐੱਮ.ਓ. ਡਾ. ਜਸਵਿੰਦਰ ਸਿੰਘ, ਐਮ.ਡੀ. ਡਾ. ਜਸਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here