ਕੁੱਟਮਾਰ ਦੇ ਮਾਮਲੇ ‘ਚ 7 ਜਣਿਆਂ ਖ਼ਿਲਾਫ਼ ਕੇਸ ਦਰਜ !

    0
    141

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਤੂੰ ਕੌਣ , ਮੈਂ ਖਾਹਮ-ਖਾਹ, ਦੀ ਤਰ੍ਹਾਂ ਹੀ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਕੱਟੂ ਵਿਖੇ ਰਾਹ ਜਾਂਦੇ ਇੱਕ ਬੰਦੇ ਦੇ ਲੜਾਈ ਗਲ ਪੈ ਗਈ। ਪੁਲਿਸ ਨੇ ਕੁੱਟਮਾਰ ਕਰਨ ਵਾਲੇ 7 ਜਣਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਚ, ਜਗਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਕੱਟੂ ਨੇ ਦੱਸਿਆ ਕਿ 6 ਮਈ ਨੂੰ ਰਾਹ ਜਾਂਦਿਆਂ ਹੀ ਉਹਨੂੰ ਮਨਦੀਪ ਸਿੰਘ ਉਰਫ਼ ਮਿੰਟੂ, ਉਸਦੇ ਪਿਤਾ ਗੁਲਜ਼ਾਰ ਸਿੰਘ, ਕਮਲਦੀਪ ਸਿੰਘ ਉਰਫ਼ ਬੱਗਾ, ਪਾਲ ਸਿੰਘ, ਗੁਰਜੰਟ ਸਿੰਘ, ਵਿੱਕੀ ਸਿੰਘ ਅਤੇ ਪ੍ਰੀਤਮ ਸਿੰਘ ਸਾਰੇ ਵਾਸੀਆਨ ਕੱਟੂ ਨੇ ਘੇਰ ਕੇ ਡਾਂਗਾ,ਸੋਟੀਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮਾਰਤਾ-ਮਾਰਤਾ ਦਾ ਰੌਲਾ ਪਾਉਣ ਤੇ ਸਾਰੇ ਦੋਸ਼ੀ ਉਸਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਗੰਭੀਰ ਹਾਲਤ ਚ, ਉਸਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਧਨੌਲਾ ਚ, ਭਰਤੀ ਕਰਵਾਇਆ। ਪਰੰਤੂ ਜ਼ਿਆਦਾ ਗੰਭੀਰ ਹਾਲਤ ਦੇ ਚਲਦਿਆਂ ਉਸਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

    ਹਸਪਤਾਲ ਚੋਂ, ਰੁੱਕਾ ਮਿਲਦਿਆਂ ਹੀ ਏਐੱਸਆਈ ਟੇਕ ਚੰਦ ਦੀ ਅਗਵਾਈ ਚ, ਪੁਲਿਸ ਪਾਰਟੀ ਜਖਮੀ ਹੋਏ ਜਗਤਾਰ ਸਿੰਘ ਦੇ ਬਿਆਨ ਲੈਣ ਲਈ ਪਹੁੰਚ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐੱਸਆਈ ਟੇਕ ਚੰਦ ਨੇ ਦੱਸਿਆ ਕਿ ਜ਼ਖ਼ਮੀ ਜਗਤਾਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਉਕਤ 7 ਨਾਮਜ਼ਦ ਦੋਸ਼ੀਆਂ ਦੇ ਖ਼ਿਲਾਫ਼ ਅਧੀਨ ਜ਼ੁਰਮ 341/323/506/148/149 ਆਈਪੀਸੀ ਦੇ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜ਼ਾਵੇਗਾ।

    ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਗਤਾਰ ਸਿੰਘ ਨੇ ਕੁੱਟਮਾਰ ਕਰਨ ਵਾਲਿਆਂ ਨਾਲ ਕੋਈ ਪੁਰਾਣੀ ਰੰਜਿਸ਼ ਹੋਣ ਬਾਰੇ ਕੁੱਝ ਵੀ ਨਹੀਂ ਦੱਸਿਆ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਪੁਲਿਸ ਝਗੜੇ ਦੀ ਰੰਜਿਸ਼ ਬਾਰੇ ਵੀ ਪੜਤਾਲ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਕੁੱਝ ਅਰਸਾ ਪਹਿਲਾਂ ਗੁਲਜਾਰ ਸਿੰਘ ਦੇ ਘਰ ਹੋਏ ਵਿਆਹ ਸਮਾਗਮ ਚ, ਵੀ ਜਗਤਾਰ ਸਿੰਘ ਦੇ 12 ਵੀਂ ਕਲਾਸ ਚ, ਪੜ੍ਹਦੇ ਪੁੱਤਰ ਹਰਜੀਤ ਸਿੰਘ ਦੀ ਵੀ ਮਾਰਕੁੱਟ ਕੀਤੀ ਸੀ। ਪਰੰਤੂ ਉਦੋਂ ਵੀ ਗੁਆਂਢ ਮੱਥਾ ਹੋਣ ਕਰਕੇ ਝਗੜਾ ਦਬ ਗਿਆ ਸੀ। ਪਰੰਤੂ ਲੜਾਈ ਦੀ ਕੋਈ ਵਜ੍ਹਾ ਬਾਰੇ ਉਦੋਂ ਵੀ ਕੁੱਝ ਨਹੀਂ ਦੱਸਿਆ ਗਿਆ ਸੀ ਅਤੇ ਨਾ ਹੀ ਲੜਾਈ ਸੰਬੰਧੀ ਕੋਈ ਸ਼ਿਕਾਇਤ ਦੋਵਾਂ ਧਿਰਾਂ ਨੇ ਪੁਲਿਸ ਕੋਲ ਕੀਤੀ ਸੀ। ਪਰੰਤੂ ਦੋਵੇਂ ਧਿਰਾਂ ਦਾ ਮਨਮੁਟਾਵ ਅੰਦਰੋਂ ਅੰਦਰ ਹੀ ਜਾਰੀ ਰਿਹਾ। ਜਿਸ ਦਾ ਨਤੀਜ਼ਾ ਹੁਣ ਜਗਤਾਰ ਸਿੰਘ ਦੀ ਕੁੱਟਮਾਰ ਦੇ ਰੂਪ ਚ, ਨਿਕਲਿਆ।

    LEAVE A REPLY

    Please enter your comment!
    Please enter your name here