ਕਿਸਾਨਾਂ ਦੇ ਪੱਖ ‘ਚ ਭਾਜਪਾ ਵਰਕਰ ਹਰ ਘਰ ਕਿਸਾਨੀ ਝੰਡਾ ਲਹਿਰਾਉਣਗੇ

    0
    148

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਮਿਤੀ 25 ਜਨਵਰੀ 2021 ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਵਰਕਰਾਂ ਦੀ ਇਕੱਤਰਤਾ ਸਾਬਕਾ ਮੰਡਲ ਪ੍ਰਧਾਨ ਮਸਜਿੰਦਰ ਸਿੰਘ ਮੁਰਾਦਪੁਰ ਅਵਾਣਾ, ਦਲਜੀਤ ਸਿੰਘ ਸੇਠੀ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਬਚਨ ਸਿੰਘ ਬਾਵਾ, ਸਾਬਕਾ ਜਨਰਲ ਸਕੱਤਰ ਮੰਡਲ ਦੇਹਾਤੀ, ਨਿਰਮਲ ਸਿੰਘ ਪੰਮਾ ਉੱਪ ਪ੍ਰਧਾਨ ਮ੍ਰੰਡਲ ਦੇਹਾਤੀ ਮੁਕਰੀਆਂ ਦੀ ਅਗਵਾਈ ਵਿੱਚ ਹੋਈ। ਇਸ ਇਕੱਤਰਤਾ ਵਿੱਚ ਸਰਮਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਭਾਜਪਾ ਵਰਕਰ ਦਿੱਲੀ ਵਿੱਚ ਸੰਘਰਸ਼ ਕਰ ਰਹੇ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਸਮਰਥਨ ਵਿੱਚ ‘ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ’ ਦੇ ਨਾਮ ਹੇਠ ‘ਹਰ ਘਰ ਕਿਸਾਨੀ ਝੰਡਾ’ ਲਗਾਉਣ ਦੀ ਮੁਹਿੰਮ ਸ਼ੁਰੂ ਕਰਨਗੇ ਅਤੇ ਇਸਦੀ ਸ਼ੁਰੂਆਤ ਪਿੰਡ ਮੁਰਾਦਪੁਰ ਅਵਾਣਾ ਤੋਂ 26 ਜਨਵਰੀ ਵਾਲੇ ਦਿਨ ਕਿਸਾਨੀ ਝੰਡੇ ਲਗਾ ਕੇ ਕੀਤੀ ਜਾਵੇਗੀ।

    ਇਸ ਮੌਕੇ ਇਕੱਤਰ ਆਗੂਆਂ ਨੇ ਦੱਸਿਆ ਕਿ ਉਹ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਦੇ ਅੰਦਰ ਜ਼ਾਬਤੇ ਵਿੱਚ ਰਹਿ ਕੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ, ਪਰ ਪਾਰਟੀ ਦੀ ਪੰਜਾਬ ਇਕਾਈ ਵੀ ਆਪਣਾ ਵਿਰੋਧ ਸਹੀ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਨਹੀਂ ਰੱਖ ਸਕੀ, ਜਿਸ ਕਾਰਨ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਅੱਤ ਦੀ ਠੰਡ ਵਿੱਚ ਆਪਣੀ ਲੜਾਈ ਲਈ ਡਟੇ ਰਹਿਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਉਹ ਆਪਣੇ ਦਿੱਲੀ ਬੈਠੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਕਹਿਣ ਤੋਂ ਵੀ ਦੁਖੀ ਹਨ।

    ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਉਹ ਕਿਸਾਨ ਹਨ, ਜਿਹੜੇ ਅੱਤ ਦੀ ਸਰਦੀ ਤੇ ਗਰਮੀ ਵਿੱਚ ਅਤੇ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਨਾਜ਼ ਪੈਦਾ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ। ਸਾਡਾ ਸਾਰਿਆਂ ਦਾ ਮੰਨਣਾ ਹੈ ਕਿ ਆਪਣੇ ਹੱਕਾਂ ਲਈ ਲੜਨਾ ਅੱਤਵਾਦ ਨਹੀਂ ਹੁੰਦਾ ਅਤੇ ਦਿੱਲੀ ਬੈਠੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਕਹਿਣਾ ਕਦੇ ਵੀ ਜਾਇਜ਼਼ ਨਹੀਂ ਠਹਿਰਾਇਆ ਜਾ ਸਕਦਾ। ਉਹ ਪਿੰਡ ਪਿੰਡ ਝੰਡੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰੱਖਣਗੇ ਅਤੇ ਆਪਣੇ ਦਿੱਲੀ ਬੈਠੇ ਕਿਸਾਨ ਭਰਾਵਾਂ ਦੇ ਸਮਰਥਨ ਵਿੱਚ 26 ਜਨਵਰੀ ਨੂੰ ਪਿੰਡ ਵਿੱਚ ਲਾਮਬੰਦੀ ਲਈ ਕਿਸਾਨੀ ਝੰਡੇ ਲਗਾਉਣ ਦੀ ਸ਼ੁਰੂਆਤ ਕਰਕੇ ਕਾਲੇ ਖੇਤੀ ਕਨੂੰਨ ਰੱਦ ਕਰਨ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣਗੇ। ਅਸੀਂ ਸਪੱਸ਼ਟ ਕਰਦੇ ਹਾਂ ਕਿ ਉਹ ਕਾਲੇ ਖੇਤੀ ਕਨੂੰਨ ਰੱਦ ਹੋਣ ਤੱਕ ਸਮੁੱਚੇ ਦੇਸ਼ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਾਂਗੇ ਅਤੇ ਇਸ ਵਿੱਚ ਸ਼ਾਮਲ ਹੋ ਕੇ ਸੰਘਰਸ਼ਸੀਲ ਕਿਸਾਨ ਦੀ ਹਰ ਤਰ੍ਹਾਂ ਦੀ ਮੱਦਦ ਕਰਾਂਗੇ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹਾਂ ਕਿ ਕਾਲੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਅੱਤਵਾਦੀ ਜਾਂ ਖਾਲਿਸਤਾਨੀ ਕਹਿਣ ਵਾਲੇ ਭਾਜਪਾ ਆਗੂਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ।

    ਇਸ ਮੌਕੇ ਸਾਬਕਾ ਸਰਪੰਚ ਅਰਜੁਨ ਸਿੰਘ, ਸ਼ਮਸ਼ੇਰ ਸਿੰਘ ਕਾਲਾ ਉੱਪ ਪ੍ਰਧਾਨ ਮੰਡਲ ਦੇਹਾਤੀ, ਸੁੱਚਾ ਸਿੰਘ ਬੱਧਣ ਸਾਬਕਾ ਉੱਪ ਪ੍ਰਧਾਨ, ਜਗਤਾਰ ਸਿੰਘ ਸਾਬਕਾ ਮੰਡਲ ਪ੍ਰਧਾਨ ਬੀ ਸੀ ਮੋਰਚਾ, ਸਾਬਕਾ ਸਰਪੰਖ ਸੁਖਵਿੰਦਰ ਸਿੰਘ ਸੁੱਖੀ, ਪੰਚ ਜਸਵੀਰ ਸਿੰਘ, ਸਤਵੰਤ ਸਿੰਘ ਮੁਰਾਦਪੁਰ, ਰਾਜਵਿੰਦਰ ਰੋਜੀ, ਜਸਵੀਰ ਸਿੰਘ ਗਾਹਲੜੀਆਂ ਸਾਬਕਾ ਉੱਪ ਪ੍ਰਧਾਨ, ਕੈਪਟਨ ਮੱਖਣ ਸਿੰਘ, ਅਵਤਾਰ ਸਿੰਘ ਪੰਚ, ਦਲੇਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਰਵੇਲ ਸਿੰਘ, ਦਰਬਾਰਾ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਮੋਹਨ ਲਾਲ ਪੰਚ, ਸਰਪੰਚ ਕਾਬਲ ਸਿੰਘ, ਬਲਦੇਵ ਸਿੰਘ ਮਾਖਾ ਬੂਥ ਪ੍ਰਧਾਨ, ਸੁਭਾਸ਼ ਸਿੰਘ ਨਨਸੋਤਾ, ਅਸ਼ੋਕ ਕੁਮਾਰ ਸਹੋੜਾ ਕੰਢੀ, ਲਹਿੰਬਰ ਸਿੰਘ, ਸ਼ਿਵਰਾਜ ਸਿੰਘ, ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

    LEAVE A REPLY

    Please enter your comment!
    Please enter your name here