ਕਿਸਾਨਾਂ ਦਾ ਭਲਕੇ ਪੂਰੇ ਦੇਸ਼ ‘ਚ ਮੁੜ ਐਕਸ਼ਨ, ਦਿੱਲੀ ਪੁਲਿਸ ਨੇ ਬੁਲਾਈ ਅਹਿਮ ਮੀਟਿੰਗ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜੱਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸ਼ਨ ਕਰਨ ਜਾ ਰਹੀਆਂ ਹਨ। ਕੱਲ੍ਹ ਦਿੱਲੀ ਨੂੰ ਛੱਡ ਪੂਰੇ ਦੇਸ਼ ਵਿੱਚ ਚੱਕਾ ਜਾਮ ਰਹੇਗਾ। ਇਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀ ਇਕੱਠੇ ਹੋਏ ਹਨ।

    ਸੂਤਰਾਂ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਸੜਕਾਂ ਜਾਮ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਧਰ, ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦਿੱਲੀ ਵਿੱਚ ਜਾਮ ਨਹੀਂ ਹੋਏਗਾ ਕਿਉਂਕਿ ਉਹ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਬੈਠੇ ਹਨ। ਇਸ ਦੇ ਬਾਵਜੂਦ ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਦਿੱਲੀ ਅੰਦਰ ਨਾ ਵੜ ਆਉਣ।

    ਇਸ ਦੌਰਾਨ ਦਿੱਲੀ ਪੁਲਿਸ ਨੇ 26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿੱਚ ਕੁੱਝ ਹੋਰ ਤਸਵੀਰਾਂ ਜਾਰੀ ਕੀਤੀਆਂ ਹਨ। ਹੁਣ ਤੱਕ ਕੁੱਲ 50 ਅਜਿਹੇ ਲੋਕਾਂ ਦੀਆਂ ਤਸਵੀਰਾਂ ਦਿੱਲੀ ਪੁਲਿਸ ਜਾਰੀ ਕਰ ਚੁੱਕੀ ਹੈ, ਜੋ ਹਿੰਸਾ ਵਿੱਚ ਸ਼ਾਮਲ ਸਨ।

    ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹੇ ’ਚ ਵਾਪਰੀ ਹਿੰਸਾ ਦੀ ਘਟਨਾ ਵਿੱਚ ਸ਼ਾਮਲ ਦੰਗਾਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਗਣਤੰਤਰ ਦਿਵਸ ਦੀ ਹਿੰਸਾ ਦੀ ਜਾਂਚ ਤੇਜ਼ ਕਰਦਿਆਂ ਪੁਲਿਸ ਨੇ ਚਿਹਰੇ ਦੇ ਵਿਸ਼ਲੇਸ਼ਣ ਦਾ ਉਪਯੋਗ ਕਰਦਿਆਂ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ।

    ਲਗਪਗ 20 ਸ਼ੱਕੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਹੁਣ ਤੱਕ ਦੋ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਅਨੁਸਾਰ ਕੁਝ ਸ਼ੱਕੀ ਦਿੱਲੀ ਤੋਂ ਨੱਸ ਗਏ ਹਨ ਤੇ ਕੁਝ ਹੋਰ ਲੁਕ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਦੋ ਕਥਿਤ ਮੁਲਜ਼ਮਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਧਰਮਿੰਦਰ ਸਿੰਘ ਹਰਮਨ ਵਜੋਂ ਹੋਈ ਹੈ। ਉਸ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਵੀਡੀਓ ਫ਼ੁਟੇਜ ਵਿੱਚ ਵੇਖਿਆ ਗਿਆ ਸੀ, ਜਦੋਂ ਹਿੰਸਾ ਭੜਕੀ ਸੀ। ਪੁਲਿਸ ਹੁਣ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਵਿੱਚ ਹਰਮਨ ਦੀ ਭੂਮਿਕਾ ਦਾ ਪਤਾ ਲਾ ਰਹੀ ਹੈ।

    ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨ ਗਣਤੰਤਰ ਦਿਵਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਰੈਲੀ ਦੌਰਾਨ ਪੁਲਿਸ ਨਾਲ ਭਿੜ ਗਏ ਸਨ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 124 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    LEAVE A REPLY

    Please enter your comment!
    Please enter your name here