ਅੱਤਵਾਦ ਅਤੇ ਹਿੰਸਾ ਕਦੇ ਵੀ ਕਲਿਆਣਕਾਰੀ ਨਹੀਂ ਹੋ ਸਕਦੀ: ਪੀਐੱਮ ਮੋਦੀ

    0
    120

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਗੁਜਰਾਤ : ਅੱਤਵਾਦ ਨੂੰ ਮਨੁੱਖਤਾ ਲਈ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਸ਼ਵ ਭਾਈਚਾਰੇ ਨੂੰ ਇਸ ਵਿਰੁੱਧ ਇਕਮੁੱਠ ਹੋਣ ਦੀ ਅਪੀਲ ਕੀਤੀ। ਸਰਦਾਰ ਵੱਲਭ ਭਾਈ ਪਟੇਲ ਦੀ 145 ਵੀਂ ਜਯੰਤੀ ‘ਤੇ ‘ਸਟੈਚੂ ਆਫ ਯੂਨਿਟੀ’ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਤਵਾਦ ਅਤੇ ਹਿੰਸਾ ਕਦੇ ਵੀ ਕਲਿਆਣਕਾਰੀ ਨਹੀਂ ਹੋ ਸਕਦੀ।

    ਪ੍ਰਧਾਨ ਮੰਤਰੀ ਨੇ ਕਿਹਾ, ‘ਤਰੱਕੀ ਲਈ ਕੀਤੇ ਯਤਨਾਂ ਵਿਚਕਾਰ ਕਈ ਅਜਿਹੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਅੱਜ ਭਾਰਤ ਅਤੇ ਪੂਰਾ ਵਿਸ਼ਵ ਸਾਹਮਣਾ ਕਰ ਰਿਹਾ ਹੈ। ਬੀਤੇ ਕੁੱਝ ਸਮੇਂ ਵਿਚ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜੋ ਸਥਿਤੀ ਬਣੀ ਹੈ, ਕੁੱਝ ਲੋਕ ਅੱਤਵਾਦ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ, ਅੱਜ ਇਹ ਮਨੁੱਖਤਾ ਲਈ, ਵਿਸ਼ਵ ਲਈ, ਸ਼ਾਂਤੀ ਦੇ ਉਪਾਸਕਾਂ ਲਈ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਹੌਲ ਵਿਚ ਦੁਨੀਆਂ ਦੇ ਸਾਰੇ ਦੇਸ਼, ਸਾਰੀਆਂ ਸਰਕਾਰਾਂ, ਸਾਰੇ ਧਰਮਾਂ ਨੂੰ ਅੱਤਵਾਦ ਵਿਰੁੱਧ ਇਕਜੁੱਟ ਹੋਣ ਦੀ ਸਭ ਤੋਂ ਵੱਧ ਲੋੜ ਹੈ। ਪੀਐੱਮ ਨੇ ਕਿਹਾ ਕਿ ਸ਼ਾਂਤੀ, ਭਾਈਚਾਰਾ ਅਤੇ ਆਪਸੀ ਹੀ ਪਿਆਰ ਮਨੁੱਖਤਾ ਦੀ ਸੱਚੀ ਪਛਾਣ ਹੈ। ਅੱਤਵਾਦ ਅਤੇ ਹਿੰਸਾ ਨਾਲ ਕਦੇ ਵੀ ਕਿਸੇ ਦਾ ਕਲਿਆਣ ਨਹੀਂ ਹੋ ਸਕਦਾ ਹੈ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਖ਼ਿਲਾਫ਼ ਲੜਾਈ ਵਿਚ ਹਜ਼ਾਰਾਂ ਸੈਨਿਕਾਂ ਅਤੇ ਬੇਕਸੂਰ ਨਾਗਰਿਕਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਕਿਹਾ, ‘ਭਾਰਤ ਅੱਤਵਾਦ ਦੇ ਦਰਦ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਭਾਰਤ ਨੇ ਆਪਣੀ ਏਕਤਾ ਨਾਲ ਹਮੇਸ਼ਾ ਦ੍ਰਿੜਤਾ ਨਾਲ ਪ੍ਰਤੀਕ੍ਰਿਆ ਕੀਤੀ ਹੈ। ਅੱਜ ਪੂਰੀ ਦੁਨੀਆ ਨੂੰ ਵੀ ਇਕਜੁੱਟ ਹੋ ਕੇ ਹਰ ਉਸ ਤਾਕਤ ਨੂੰ ਹਰਾਉਣਾ ਹੈ ਜੋ ਅੱਤਵਾਦ ਨਾਲ ਹੈ, ਜੋ ਅੱਤਵਾਦ ਨੂੰ ਉਤਸ਼ਾਹਤ ਕਰ ਰਹੀ ਹੈ।

    ਦੱਸਣਯੋਗ ਹੈ ਕਿ ਮੋਦੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵੀਰਵਾਰ ਨੂੰ ਫਰਾਂਸ ਵਿੱਚ ਇੱਕ ਚਰਚ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸਤੋਂ ਪਹਿਲਾਂ ਇੱਕ ਅਧਿਆਪਕ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ, ਜਿਨ੍ਹਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਇੱਕ ਕਲਾਸ ਵਿੱਚ ਪੈਗੰਬਰ ਦੇ ਕਾਰਟੂਨ ਦਿਖਾਏ ਸਨ। ਇਸ ਤੋਂ ਬਾਅਦ ਫਰਾਂਸ ਦੇ ਸਟੈਂਡ ਨੂੰ ਲੈ ਕੇ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

    LEAVE A REPLY

    Please enter your comment!
    Please enter your name here