ਅੰਤਰ ਰਾਸ਼ਟਰੀ ਬਾਲੜੀ ਦਿਵਸ ‘ਤੇ ਨਿਵੇਕਲੀ ਪਹਿਲ

    0
    143

    ਜਲੰਧਰ, ਜਨਗਾਥਾ ਟਾਇਮਜ਼ (ਰਵਿੰਦਰ) : ਅੰਤਰ ਰਾਸ਼ਟਰੀ ਬਾਲੜੀ ਦਿਵਸ ‘ਤੇ ਜ਼ਿਲਾ ਪ੍ਰਸ਼ਾਸਨ ਵਲੋਂ ਇਕ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਬੱਚੀਆਂ ਪੈਦਾ ਹੋਣ ‘ਤੇ ਪਰਿਵਾਰ ਮਾਣ ਮਹਿਸੂਸ ਕਰ ਸਕਣ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਇਸ ਨਿਵੇਕਲੀ ਪਹਿਲ ਅਧੀਨ ਅੱਜ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਤਹਿਤ ਹਲਕਾ ਵਿਧਾਇਕ ਜਲੰਧਰ ਪੱਛਮੀ ਸੁਸ਼ੀਲ ਕੁਮਾਰ ਰਿੰਕੂ ਅਤੇ ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ ਨੇ ਘਰਾਂ ਵਿੱਚ ਜਾ ਕੇ ਬੱਚੀਆਂ ਪੈਦਾ ਹੋਣ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਜਦੋਂ ਹਲਕਾ ਵਿਧਾਇਕ ਘਰਾਂ ਵਿੱਚ ਗਏ ਤਾਂ ਉਨ੍ਹਾਂ ਵਲੋਂ ”ਮੁਬਾਰਕਬਾਦ ਹੋਵੇ ਬੱਚੀ ਪੈਦਾ ਹੋਈ ਹੈ” ਕਹਿਣ ਨਾਲ ਪਰਿਵਾਰਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।

    ਇਸ ਮੌਕੇ ਉਨ੍ਹਾਂ ਜਿਥੇ ਬੱਚੀਆਂ ਦਾ ਜਨਮ ਦਿਨ ਮਨਾਇਆ ਉਥੇ ਮਠਿਆਈ ਅਤੇ ਗਿਫ਼ਟ ਵੀ ਵੰਡੇ। ਇਸ ਤੋਂ ਇਲਾਵਾ ਕਬੀਰ ਮੰਦਿਰ ਆਂਗਨਵਾੜੀ ਸੈਂਟਰ ਵਿੱਚ ਵੀ 30 ਨਵ-ਜਨਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਬੇਟੀ ਬਚਾਓ,ਬੇਟੀ ਪੜਾਓ’ ਮੁਹਿੰਮ ਅਧੀਨ ਸ਼ੁਰੂ ਕੀਤੀ ਇਹ ਮੁਹਿੰਮ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਨੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੀਆਂ ਨੂੰ ਪੁੱਤਰਾਂ ਵਾਂਗ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਪੜਾਈ ਦੇ ਸਮਾਨ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ, ਲੜਕਿਆਂ ਵਾਂਗ ਉਚ ਮੁਕਾਮ ਹਾਸਿਲ ਕਰ ਰਹੀਆਂ ਹਨ, ਇਸ ਲਈ ਬੱਚੀਆਂ ਨੂੰ ਕੁੱਖ ਵਿੱਚ ਨਾ ਮਾਰ ਕੇ ਜਿਥੇ ਭਰੂਣ ਹੱਤਿਆ ਖ਼ਿਲਾਫ਼ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ ਉਥੇ ਲੜਕੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੀ ਉਡਾਣ ਨੂੰ ਖੰਭ ਦੇਣ ਦੀ ਜ਼ਰੂਰਤ ਹੈ।

    ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਵਿੱਢੀ ਗਈ ਇਸ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਮੁਹਿੰਮ ਤਹਿਤ ਨਵ-ਜਨਮੀਆਂ ਲੜਕੀਆਂ ਦੇ ਘਰ ਜਾ ਕੇ ਮੁਬਾਰਕਬਾਦ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here