ਅਨਏਡਿਡ ਕਾਲਜ ਅਧਿਆਪਕਾਂ ਦੀ ਜੱਥੇਬੰਦੀ ਰਜਿਸਟਰਡ ਹੋਈ:

    0
    150

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਮਾਹਿਲਪੁਰ : ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਅਨਏਡਿਡ ਕਾਲਜ ਅਧਿਆਪਕਾਂ ਦੀਆਂ ਲੰਮੇਂ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸੰਬੰਧਤ ਕਾਲਜ ਅਧਿਆਪਕਾਂ ਵਲੋਂ ਐਸੋਸੀਏਸ਼ਨ ਆਫ਼ ਅਨ ਏਡਿਡ ਕਾਲਜ ਟੀਚਰਜ਼’ ਬਣਾਈ ਗਈ ਹੈ ਜਿਸਨੂੰ ਪੰਜਾਬ ਸੋਸਾਇਟੀ ਐਕਟ 1860 ਤਹਿਤ ਰਜਿਸਟਰਡ ਕੀਤਾ ਗਿਆ ਹੈ।

    ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋ. ਪੁਨੀਤ ਕੌਰ ਲੁਧਿਆਣਾ, ਸਕੱਤਰ ਪ੍ਰੋ. ਗੁਰਪਿੰਦਰ ਸਿੰਘ ਗੜ੍ਹਦੀਵਾਲਾ ਅਤੇ ਅਗਜ਼ੈਕਟਿਵ ਮੈਂਬਰ ਪ੍ਰੋ. ਤਰੁਣ ਘਈ ਮੁਕੇਰੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਸਰਕਾਰ ਵਲੋਂ ਕਾਲਜ ਅਧਿਆਪਕਾਂ ਨੂੰ 1974 ਦੇ ਸਰਵਿਸ ਸਕਿਓਰਿਟੀ ਐਕਟ ਦੀ ਉਸ ਧਾਰਾ ਵਿੱਚ ਸ਼ਾਮਿਲ ਕੀਤਾ ਜਾਵੇ ਜਿਸ ਵਿੱਚੋਂ ਸੂਬਾ ਸਰਕਾਰ ਨੇ ਦਸੰਬਰ 2007 ਤੋਂ ਅਨਏਡਿਡ ਸਟਾਫ਼ ਨੂੰ ਬਾਹਰ ਰੱਖਿਆ ਹੋਇਆ ਹੈ। ਜਿਸ ਕਰਕੇ ਟਰਮੀਨੇਟ ਹੋਣ ਦੀ ਹਾਲਤ ਵਿੱਚ ਅਨਏਡਿਡ ਸਟਾਫ਼ ਦੇ ਕੇਸ ਡੀਪੀਆਈ ਦਫ਼ਤਰ ਨਹੀਂ ਜਾਂਦੇ ਅਤੇ ਇਸ ਸਥਿਤੀ ਕਰਕੇ ਪੰਜਾਬ ਦੇ ਕਰੀਬ 40 ਅਨਏਡਿਡ ਕਾਲਜ ਅਧਿਆਪਕ ਕਾਲਜਾਂ ਵਿੱਚੋਂ ਕੱਢੇ ਜਾ ਚੁੱਕੇ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ ਦੇ ਵੀਸੀ ਤੋਂ ਮੰਗ ਕੀਤੀ ਕਿ ਕਾਲਜਾਂ ਵਿੱਚ ਪੀਰੀਓਡਿਕ ਇੰਸਪੈਕਸ਼ਨ ਕਰਵਾਈ ਜਾਵੇ ਜਿਸ ਕਰਕੇ ਕਾਲਜ ਅਧਿਆਪਕਾਂ ਦਾ ਸ਼ੋਸ਼ਣ ਬੰਦ ਹੋ ਸਕੇ।

    ਪ੍ਰੋ. ਤਰੁਣ ਘਈ ਨੇ ਕਿਹਾ ਕਿ ਲੰਮੇਂ ਸਮੇਂ ਤੋਂ ਅਧਿਆਪਕ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ, ਤਨਖਾਹ ਗਰੇਡ ਅਤੇ ਇੰਨਕਰੀਮੈਂਟਾਂ ਰੁਕੀਆਂ ਹੋਈਆਂ ਹਨ ਅਤੇ ਸਾਲ 2006 ਦੇ ਗਰੇਡ ਸੋਧ ਤੋਂ ਬਾਅਦ ਇਹ ਲਾਗੂ ਵੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੇ ਕਾਲਜ ਅਧਿਆਪਕਾਂ ਦੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਯੂਨੀਵਰਸਿਟੀ ਕੈਲੰਡਰ ਦੇ ਨਿਯਮਾਂ ਅਨੁਸਾਰ ਪੀਐੱਫ ਬੇਸਿਕ ਪਲੱਸ ਡੀਏ ਦਾ ਦਸ ਪ੍ਰਤੀਸ਼ਤ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਅਹੁਦੇਦਾਰਾਂ ਨੇ ਪੰਜਾਬ ਦੇ ਸਮੂਹ ਅਨਏਡਿਡ ਸਟਾਫ਼ ਨੂੰ ਇਸ ਜੱਥੇਬੰਦੀ ਦੀ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਅਤੇ ਆਪਣੇ ਹੱਕਾਂ ਲਈ ਇਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ।

    LEAVE A REPLY

    Please enter your comment!
    Please enter your name here