16 ਜਨਵਰੀ ਤੋਂ ਕੋਵਿਡ-19 ਟੀਕਾਕਰਨ ਲਈ ਜ਼ਿਲ੍ਹੇ ’ਚ ਤਿਆਰੀਆਂ ਮੁਕੰਮਲ : ਅਮਿਤ ਕੁਮਾਰ ਪੰਚਾਲ

    0
    156

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਆਉਂਦੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ ਕੋਵਿਡ ਟੀਕਾਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨੂੰ 9570 ਡੋਜ਼ ਮਿਲਣਗੀਆਂ। ਪਹਿਲੇ ਪੜਾਅ ਵਿੱਚ 8489 ਹੈਲਥ ਕੇਅਰ ਵਰਕਰਾਂ ਨੂੰ ਕੋਵਿਡ ਵੈਕਸੀਨ ਦਿੱਤੀ ਜਾਵੇਗੀ।

    ਕੋਵਿਡ-19 ਸੰਬੰਧੀ ਬੁੱਧਵਾਰ ਨੂੰ ਹੁੰਦੇ ਹਫਤਾਵਰੀ ਫੇਸਬੁੱਕ ਲਾਈਵ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਆਉਣ ਵਾਲੀ ਵੈਕਸੀਨ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਜਿਸ ਲਈ 20 ਸੈਸ਼ਨ ਸਾਈਟਾਂ ਅਤੇ 32 ਟੀਮਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਜੋ ਟੀਕਾਕਰਨ ਦਾ ਕੰਮ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ।

    ਜ਼ਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਸੰਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਹੁਣ ਤੱਕ ਲਏ ਗਏ 257822 ਸੈਂਪਲਾਂ ਵਿੱਚੋਂ 7906 ਕੇਸ ਪਾਜ਼ਿਟਿਵ ਆਏ ਸਨ ਜਿਨ੍ਹਾਂ ਵਿੱਚੋਂ 98 ਕੇਸ ਐਕਟਿਵ ਹਨ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ 8 ਪਾਜ਼ਿਟਿਵ ਕੇਸਾਂ ਦੀ ਰਿਪੋਰਟ ਅਤੇ ਕੋਵਿਡ ਕਾਰਨ 2 ਮੌਤਾਂ ਰਿਪੋਰਟ ਹੋਈਆਂ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗਿਣਤੀ 323 ਹੋ ਗਈ ਹੈ।

    ਬਰਡ ਫਲੂ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਰਡ ਫਲੂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪਰ ਲੋਕਾਂ ਨੂੰ ਪੂਰੀ ਅਹਿਤਿਆਤ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਕੋਵਿਡ ਦੇ ਕੇਸਾਂ ਵਿੱਚ ਪਹਿਲਾਂ ਨਾਲੋਂ ਗਿਰਾਵਟ ਆ ਰਹੀ ਹੈ ਪਰ ਫ਼ਿਰ ਵੀ ਸਾਨੂੰ ਸਾਰਿਆਂ ਨੂੰ ਵਧੇਰੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਿਹਤ ਸਲਾਹਕਾਰੀਆਂ ਅਤੇ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਕੋਈ ਢਿੱਲਮੱਠ ਨਹੀਂ ਵਰਤਣੀ ਚਾਹੀਦੀ।


    ਜ਼ਿਲ੍ਹੇ ਵਿੱਚ ਕੋਵਿਡ ਦੇ ਹਾਟ ਸਪਾਟ ਸੰਬੰਧੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਬੈਂਚਾਂ, ਬਸੀ ਵਾਹਿਦ, ਬਸੀ ਵਜੀਦ, ਅਤੇ ਸ਼ਾਮਚੁਰਾਸੀ ਦਾ ਵਾਰਡ ਨੰਬਰ 3 ਸ਼ਾਮਲ ਹਨ ਜਿਥੇ ਹਦਾਇਤਾਂ ਅਨੁਸਾਰ ਸਿਹਤ ਸਲਾਹਕਾਰੀਆਂ ਲਾਗੂ ਹਨ।

    LEAVE A REPLY

    Please enter your comment!
    Please enter your name here