ਸੇਵਾ ਭਾਵਨਾ ਨਾਲ ਨਿਭਾਈ ਜਾ ਰਹੀ ਡਿਊਟੀ ਦੀ ਡੀਸੀ ਨੇ ਕੀਤੀ ਸ਼ਲਾਘਾ :

    0
    145

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਦਸੂਹਾ ਸਬ-ਡਵੀਜ਼ਨ ਵਿਖੇ ਸਖ਼ਤੀ ਨਾਲ ਕਰਫ਼ਿਊ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ-ਨਾਲ ਦਇਆ ਭਾਵਨਾ ਨਾਲ ਲਿਬਰੇਜ਼ ਹਨ ਐੱਸ.ਡੀ.ਐੱਮ. ਜੋਤੀ ਬਾਲਾ। ਇਨ੍ਹਾਂ ਵਲੋਂ ਜਿੱਥੇ ਸਬ-ਡਵੀਜ਼ਨ ਦਸੂਹਾ ਅਧੀਨ ਲੋੜਵੰਦਾਂ ਨੂੰ ਸੁਚਾਰੂ ਢੰਗ ਨਾਲ ਰਾਸ਼ਨ ਅਤੇ ਹੋਮ ਡਿਲੀਵਰੀ ਰਾਹੀਂ ਘਰਾਂ ਤੱਕ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਸਬ-ਡਵੀਜ਼ਨ ਵਿੱਚ ਰਹਿ ਰਹੇ ਦੂਸਰੇ ਰਾਜਾਂ ਦੇ ਵਿਅਕਤੀਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ। ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਫੀਲਡ ਵਿੱਚ ਰਹਿੰਦੇ ਐੱਸ.ਡੀ.ਐੱਮ. ਵਲੋਂ ਹਰ ਵੇਲੇ ਆਪਣੀ ਗੱਡੀ ਵਿੱਚ ਰਾਸ਼ਨ ਦੇ ਪੈਕੇਟ ਰੱਖੇ ਹੋਏ ਹੁੰਦੇ ਹਨ ਅਤੇ ਜਿਥੇ ਵੀ ਕਿਤੇ ਲੋੜਵੰਦ ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਖ਼ੁਦ ਉੱਥੇ ਪਹੁੰਚਦੇ ਹਨ। ਇਸ ਸੰਬੰਧੀ ਉਨ੍ਹਾਂ ਦੀ ਦਇਆ ਭਾਵਨਾ ਉਸ ਸਮੇਂ ਸਾਹਮਣੇ ਆਈ ਜਦੋਂ ਫੀਲਡ ਵਿੱਚ ਕਰਫ਼ਿਊ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇਹ ਅਰਧ ਪਹਾੜੀ ਏਰੀਏ ਦੇ ਅਜਿਹੇ ਸੁੰਨਸਾਨ ਪਿੰਡਾਂ ਵਿੱਚ ਪਹੁੰਚੇ, ਜਿਥੇ ਕੋਈ ਵੀ ਸੁਵਿਧਾ ਪਹੁੰਚਣੀ ਔਖੀ ਸੀ। ਐੱਸ.ਡੀ.ਐੱਮ. ਨੇ ਇਨ੍ਹਾਂ ਦੇ ਘਰਾਂ ਵਿੱਚ ਪਹੁੰਚ ਕੇ ਹਾਲਾਤ ਦਾ ਅੰਦਾਜ਼ਾ ਲਗਾਉਂਦਿਆ ਆਪਣੀ ਗੱਡੀ ਵਿੱਚੋਂ ਤੁਰੰਤ ਰਾਸ਼ਨ ਸੌਂਪਿਆ। ਜਦੋਂ ਜੋਤੀ ਬਾਲਾ ਨੇ ਉਕਤ ਪਰਿਵਾਰਾਂ ਨੂੰ ਦੱਸਿਆ ਕਿ ਉਹ ਐੱਸ.ਡੀ.ਐੱਮ. ਦਸੂਹਾ ਹਨ, ਤਾਂ ਉਹ ਬਹੁਤ ਖੁਸ਼ ਹੋਏ ਅਤੇ ਕੀਤੀ ਗਈ ਮੱਦਦ ਲਈ ਢੇਰ ਸਾਰਾ ਸ਼ੁਕਰਾਨਾ ਕੀਤਾ।

    ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਐੱਸ.ਡੀ.ਐੱਮ. ਜੋਤੀ ਬਾਲਾ ਵਲੋਂ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਐੱਸ.ਡੀ.ਐੱਮ. ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਨਾਲ ਸੰਬੰਧਿਤ 56 ਵਿਅਕਤੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਰੋਜ਼ਾਨਾ ਮੈਡੀਕਲ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੋਤੀ ਬਾਲਾ ਵਲੋਂ ਜਿੱਥੇ ਜਨਤਾ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਣ ਵਿੱਚ ਵੀ ਨਿੱਜੀ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਰਧ ਪਹਾੜੀ ਏਰੀਏ ਦੇ ਦੂਰ-ਦੁਰਾਡੇ ਪਿੰਡਾਂ ਵਿੱਚ ਰਹਿ ਰਹੇ ਪਰਿਵਾਰਾਂ ਤੱਕ ਐੱਸ.ਡੀ.ਐੱਮ. ਜੋਤੀ ਬਾਲਾ ਦੀ ਪਹੁੰਚ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਨੇ ਕਿਹਾ ਕਿ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਐੱਸ.ਡੀ.ਐੱਮ. ਦਸੂਹਾ ਵਲੋਂ ਪੁਲਿਸ ਨੂੰ ਨਾਲ ਲੈ ਕੇ ਫਲੈਗ ਮਾਰਚ ਕਰਨ ਤੋਂ ਇਲਾਵਾ ਮੰਡੀਆਂ ਵਿੱਚ ਵੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਸ.ਡੀ.ਐੱਮ. ਜੋਤੀ ਬਾਲਾ ਕਰਫ਼ਿਊ ਦੌਰਾਨ ਹਰ ਰੋਜ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਰੋਡ ‘ਤੇ ਆਉਂਦੇ ਹਨ, ਤਾਂ ਜੋ ਇਲਾਕਾ ਵਾਸੀਆਂ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਘਰਾਂ ਵਿੱਚ ਹੀ ਰਹਿ ਕੇ ਸੁਰੱਖਿਅਤ ਰਹਿਣ।

    ਐੱਸ.ਡੀ.ਐੱਮ. ਜੋਤੀ ਬਾਲਾ ਨੇ ਕਿਹਾ ਕਿ ਕੋਵਿਡ-19 ਦੀ ਇਸ ਨਾਜ਼ੁਕ ਘੜੀ ਵਿੱਚ ਜਨਤਾ ਨੂੰ ਜ਼ਰੂਰੀ ਵਸਤਾਂ ਹੋਮ ਡਿਲੀਵਰੀ ਰਾਹੀਂ ਘਰਾਂ ਵਿੱਚ ਹੀ ਮੁਹੱਈਆ ਕਰਵਾਉਣ ਤੋਂ ਇਲਾਵਾ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਇਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਯੋਗ ਅਗਵਾਈ ਅਤੇ ਸਿਰਜੇ ਗਏ ਵਧੀਆ ਮਾਹੌਲ ਸਦਕਾ ਉਹ ਖ਼ੁਦ ਮੈਦਾਨ ਵਿੱਚ ਨਿੱਤਰੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਸਮੇਤ ਹੋਰ ਅਧਿਕਾਰੀਆਂ ਦੀਆਂ ਗੱਡੀਆਂ ਵਿੱਚ ਹਰ ਵੇਲੇ ਰਾਸ਼ਨ ਦੇ ਪੈਕੇਟ ਮੌਜੂਦ ਹੁੰਦੇ ਹਨ ਅਤੇ ਜਿੱਥੇ ਵੀ ਕਿਤੇ ਲੋੜਵੰਦ ਦਾ ਪਤਾ ਲੱਗਦਾ ਹੈ, ਤਾਂ ਤੁਰੰਤ ਖ਼ੁਦ ਜਾ ਕੇ ਰਾਸ਼ਨ ਸੌਂਪਦੇ ਹਨ। ਉਨ੍ਹਾਂ ਨੇ ਕਿਹਾ ਕਿ ਸਬ-ਡਵੀਜ਼ਨ ਅਧੀਨ ਪੈਂਦੇ ਅਰਧ ਪਹਾੜੀ ਏਰੀਏ ਦੇ ਸੁੰਨਸਾਨ ਪਿੰਡਾਂ ਕਟੋਰ, ਨਰੂੜ, ਕੋਈ, ਟਟਵਾਲੀ, ਸੀਪਰੀਆਂ, ਮੱਖੋਵਾਲ ਆਦਿ ਵਿੱਚ ਰਹਿ ਰਹੇ ਪਰਿਵਾਰਾਂ ਤੱਕ ਪਹੁੰਚ ਕਰਕੇ ਕਾਫ਼ੀ ਤਸੱਲੀ ਮਿਲੀ ਹੈ ਅਤੇ ਪਰਿਵਾਰਾਂ ਵਲੋਂ ਕੀਤੇ ਸ਼ੁਕਰਾਨੇ ਨਾਲ ਹੋਰ ਕੰਮ ਕਰਨ ਦਾ ਬੱਲ ਵੀ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਵੀ ਕੀਤੀ।

    ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਉਹ ਸਵੇਰੇ 9 ਵਜੇ ਤੋਂ 3 ਵਜੇ ਤੱਕ ਫੀਲਡ ਵਿੱਚ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਕਣਕ ਦੀ ਸੁਚਾਰੂ ਢੰਗ ਨਾਲ ਖ਼ਰੀਦ ਲਈ ਮੰਡੀਆਂ ਦਾ ਦੌਰਾ ਕਰਦੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਨਾਲ ਸੰਬੰਧਿਤ 56 ਵਿਅਕਤੀ ਜਿਨ੍ਹਾਂ ਨੂੰ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਵਿਖੇ ਠਹਿਰਾਇਆ ਗਿਆ ਹੈ, ਉਨ੍ਹਾਂ ਨਾਲ ਵੀ ਰੋਜ਼ਾਨਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਰਾਧਾ ਸੁਆਮੀ ਸਤਿਸੰਗ ਘਰ ਟਾਂਡਾ ਦੇ ਸਹਿਯੋਗ ਨਾਲ ਇਨ੍ਹਾਂ ਵਿਅਕਤੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਸਿਹਤ ਵਿਭਾਗ ਰਾਹੀਂ ਰੋਜ਼ਾਨਾ ਮੈਡੀਕਲ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਉਹ ਨਾਕਿਆਂ ਦਾ ਮੁਆਇਨਾ ਕਰਦੇ ਹਨ, ਉਥੇ ਸਿਹਤ ਵਿਭਾਗ ਰਾਹੀਂ ਨਾਕਿਆਂ ‘ਤੇ ਖ਼ੁਦ ਜਾ ਕੇ ਲੇਬਰ ਦਾ ਮੈਡੀਕਲ ਚੈਕਅੱਪ ਵੀ ਯਕੀਨੀ ਬਣਾਉਂਦੇ ਹਨ।

    ਕਰਮ ਨੂੰ ਹੀ ਸਭ ਕੁਝ ਮੰਨਣ ਵਾਲੇ ਜੋਤੀ ਬਾਲਾ ਨੇ ਪਰਿਵਾਰ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਫਗਵਾੜਾ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਹੀ ਰਹਿ ਰਹੀਆਂ ਹਨ ਅਤੇ ਕਾਫ਼ੀ ਦਿਨ ਤੋਂ ਉਨ੍ਹਾਂ ਨਾਲ ਮੁਲਾਕਾਤ ਵੀ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਇਕ ਦੋ ਵਾਰ ਉਹ ਐਤਵਾਰ ਰਾਤ ਨੂੰ ਕਰੀਬ ਦੋ ਘੰਟੇ ਲਈ ਘਰ ਗਏ ਸਨ, ਪਰ ਅਹਿਤਿਆਤ ਵਜੋਂ ਉਹ ਬੇਟੀਆਂ ਦੇ ਕਮਰੇ ਵਿੱਚ ਨਹੀਂ ਗਏ ਅਤੇ ਦੂਰੋਂ ਹੀ ਉਨ੍ਹਾਂ ਨੂੰ ਦੇਖ ਕੇ ਵਾਪਸ ਆਪਣੀ ਕਰਮਭੂਮੀ ਪਰਤ ਆਏ।

    LEAVE A REPLY

    Please enter your comment!
    Please enter your name here