ਵਿਆਹੀ ਮੁਟਿਆਰ ਦਾ ਸਹੁਰਾ ਪਰਿਵਾਰ ਵਲੋਂ ਥਾਣੇ ‘ਚ ਹੀ ਰਾਜੀਨਾਮੇ ਦੌਰਾਨ ਕੁਟਾਪਾ

    0
    128

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਗੜ੍ਹਸ਼ੰਕਰ : ਗੜ੍ਹਸ਼ੰਕਰ ਅਧੀਨ ਆਉਂਦੇ ਮਾਹਿਲਪੁਰ ਪੁਲਿਸ ਪੁਲਿਸ ਸਟੇਸ਼ਨ ਵਿਚ ਇੱਕ ਰਾਜੀਨਾਮੇ ਦੌਰਾਨ ਮਾਮਲਾ ਉਸ ਸਮੇਂ ਭੜਕ ਗਿਆ ਜਦੋਂ ਚਾਰ ਦਿਨ ਪਹਿਲਾਂ ਹੀ ਪਿੰਡ ਬੱਢੋਆਣ ਦੀ ਪੰਚਾਇਤ ਵਿਚ ਵਿਆਹੀ ਲੜਕੀ ਦਾ ਉਸ ਦੀ ਸੱਸ ਅਤੇ ਪਰਿਵਾਰ ਨੇ ਕੁਟਾਪਾ ਕਰ ਦਿੱਤਾ। ਥਾਣੇਦਾਰ ਦੀ ਹਾਜ਼ਰੀ ਵਿਚ ਹੀ ਲੜਕੀ ਅਤੇ ਉਸ ਦੇ ਪਰਿਵਾਰ ਤੇ ਸਹੁਰਾ ਪਰਿਵਾਰ ਨੇ ਹਮਲਾ ਕੀਤਾ। ਇੰਨਸਾਫ਼ ਨਾ ਮਿਲਦਾ ਦੇਖ਼ ਲੜਕੀ ਅਤੇ ਉਸ ਦਾ ਪਰਿਵਾਰ ਸੜਕ ‘ਤੇ ਆ ਗਿਆ ਅਤੇ ਧਰਨਾ ਦਿੱਤਾ। ਲੜਕੀ ਵਿਚਕਾਰ ਸੜਕ ‘ਤੇ ਹੀ ਲਿਟ ਗਈ। ਮਾਮਲਾ ਵਿਗੜਦਾ ਦੇਖ਼ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ ਉਨ੍ਹਾਂ ਲੜਕਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਥਾਣੇ ਡੱਕ ਦਿੱਤਾ।

    ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਬੱਢੋਆਣ ਨੇ ਆਪਣੀ ਚਾਚੀ ਜਸਵਿੰਦਰ ਕੌਰ, ਪਿਤਾ ਸੁਰਿੰਦਰ ਸਿੰਘ, ਭਰਾ, ਭਾਜਪਾ ਨੇਤਾ ਅਮਰਜੀਤ ਸਿੰਘ ਭਿੰਦਾ, ਬਸਪਾ ਨੇਤਾ ਬਖ਼ਸੀਸ਼ ਸਿੰਘ ਗਾਂਧੀ, ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਨਜ਼ਦੀਕੀ ਪਿੰਡ ਸਰਦੁੱਲਾਪੁਰ ਦੇ ਲੜਕੇ ਜਸਕਰਨ ਸਿੰਘ ਨਾਲ ਪ੍ਰੇਮ ਸਬੰਧ ਸਨ। ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਇੱਕ ਥਾਂ ਮਿਲਦੇ ਫ਼ੜੇ ਗਏ ਤਾਂ ਦੋਹਾਂ ਪਰਿਵਾਰਾਂ ਨੇ ਪੰਚਾਇਤ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਲ਼ਿਖਤੀ ਵਿਆਹ ਕਰਵਾ ਦਿੱਤਾ ਅਤੇ ਉਹ ਆਪਣੇ ਸਹੁਰਾ ਪਰਿਵਾਰ ਨਾਲ ਆ ਗਈ। ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਉਸ ਦੀ ਸੱਸ ਨੇ ਉਸ ਨੂੰ ਵੱਖ਼ਰਾ ਕਮਰਾ ਦੇ ਦਿੱਤਾ ਪਰੰਤੂ ਉਸ ਦੇ ਪਤੀ ਨੂੰ ਨਾ ਆਉਣ ਦਿੱਤਾ ਜਿਸ ਕਾਰਨ ਘਰ ਵਿਚ ਲੜਾਈ ਝਗੜਾ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਝੂਠੀ ਸ਼ਿਕਾਇਤ ਥਾਣਾ ਮਾਹਿਲਪੁਰ ਵਿਖ਼ੇ ਕਰ ਦਿੱਤੀ। ਉਸ ਨੇ ਦੱਸਿਆ ਕਿ ਅੱਜ ਥਾਣਾ ਮਾਹਿਲਪੁਰ ਵਿਖ਼ੇ ਥਾਣੇਦਾਰ ਦਲਜੀਤ ਸਿੰਘ ਨੇ ਦੋਹਾਂ ਪਾਰਟੀਆਂ ਨੂੰ ਗਲਬਾਤ ਲਈ ਬਲਾਇਆ ਸੀ।

    ਉਸ ਨੇ ਦੱਸਿਆ ਕਿ ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਉਸ ਦੀ ਸੱਸ ਨੇ ਥਾਣੇਦਾਰ ਦੀ ਹਾਜ਼ਰੀ ਵਿਚ ਹੀ ਉਸ ਦੇ ਵਾਲ ਫ਼ੜ ਕੇ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਉਸ ਨੂੰ ਛੁਡਾਇਆ ਤਾਂ ਥਾਣੇਦਾਰ ਨੇ ਉਸ ਦੇ ਪਤੀ ਜਸਕਰਨ ਨੂੰ ਅੰਦਰ ਡੱਕ ਦਿੱਤਾ। ਇਸ ਗੱਲ ਤੋਂ ਭੜਕੇ ਸਹੁਰਾ ਪਰਿਵਾਰ ਨੇ ਲੜਕੀ ਵਾਲਿਆਂ ‘ਤੇ ਥਾਣੇ ਅੰਦਰ ਹੀ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਨੇ ਕੁਰਸੀਆਂ ਚੁੱਕ ਲਈਆਂ ਤਾਂ ਪੀੜਿਤ ਲੜਕੀ ਅਤੇ ਉਸ ਦੇ ਮਾਪਿਆਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਲੜਕੀ ਸੜਕ ਦੇ ਵਿਚਕਾਰ ਲਿਟ ਗਈ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਲੜਕੀ ਨੂੰ ਵਾਪਿਸ ਲਿਆਂਦਾ ਪਰੰਤੂ ਜਦੋਂ ਤੀਜੀ ਵਾਰ ਮਾਮਲਾ ਗਰਮਾਇਆ ਤਾਂ ਲੜਕੀ ਇੰਨਸਾਫ਼ ਲੈ ਲਈ ਫ਼ਿਰ ਸੜਕ ‘ਤੇ ਆ ਗਈ।

    ਮਾਮਲਾ ਵਿਗੜਦਾ ਦੇਖ਼ ਕੇ ਪੁਲਿਸ ਨੇ ਸਹੁਰਾ ਪਰਿਵਾਰ ਦੇ ਪੰਜ ਵਿਅਕਤੀਆਂ ਨੂੰ ਥਾਣੇ ਅੰਦਰ ਬਿਠਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਲੜਕੀ ਵਾਲੇ ਦੋਸ਼ ਲਗਾ ਰਹੇ ਸਨ ਕਿ ਥਾਣੇਦਾਰ ਦਲਜੀਤ ਸਿੰਘ ਦੀ ਮਿਲੀ ਭੁਗਤ ਨਾਲ ਉਨ੍ਹਾਂ ਦਾ ਥਾਣੇ ਵਿਚ ਹੀ ਕੁਟਾਪਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਥਾਣੇਦਾਰ ਦਲਜੀਤ ਸਿੰਘ ਉਨ੍ਹਾਂ ‘ਤੇ ਲਗਾਤਾਰ ਦਬਾਅ ਪਾ ਰਿਹਾ ਸੀ ਅਤੇ ਆਪੋ ਆਪਣੇ ਘਰ ਜਾਣ ਲਈ ਡਰਾ ਧਮਕਾ ਰਿਹਾ ਸੀ। ਲੜਕੀ ਨੇ ਦੋਸ਼ ਲਗਾਇਆ ਕਿ ਲੜਕਾ ਤਿੰਨ ਵਾਰ ਉਸ ਦਾ ਗਰਭਪਾਤ ਵੀ ਕਰਵਾ ਚੁੱਕਾ ਹੈ। ਇਸ ਸੰਬੰਧੀ ਥਾਣੇ ਦਲਜੀਤ ਸਿੰਘ ਨੇ ਮੰਨਿਆਂ ਕਿ ਦੋਹਾਂ ਦਾ ਪੰਚਾਇਤੀ ਵਿਆਹ ਹੋਇਆ ਸੀ। ਲੜਕੇ ਵਾਲਿਆਂ ਦੀ ਸ਼ਿਕਾਇਤ ‘ਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ ਪਰੰਤੂ ਲੜਕੇ ਵਾਲਿਆਂ ਦੀ ਵਧੀਕੀ ਹੋਣ ਕਾਰਨ ਥਾਣੇ ਬੰਦ ਕਰ ਦਿੱਤਾ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here