ਮੋਦੀ ਸਰਕਾਰ ਦੇ ਐਲਾਨ ਤੋਂ ਕੈਪਟਨ ਨਿਰਾਸ਼, ਉਠਾਏ ਵੱਡੇ ਸਵਾਲ !

    0
    143

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਮੋਦੀ ਸਰਕਾਰ ਵੱਲੋਂ ਕੋਰੋਨਾ ਸੰਕਟ ਦੌਰਾਨ ਐਲਾਨੇ ਵਿੱਤੀ ਪੈਕੇਜ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਨਿਰਾਸ਼ਜਨਕ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨੇ ਗਏ ਪੈਕੇਜ ‘ਚ ਕਰੋੜਾਂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ।

    ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਐਲਾਨ ‘ਚ ਐੱਮਐੱਸਐੱਮਈ, ਐੱਨਬੀਐੱਫਸੀ ਤੇ ਹਾਊਸਿੰਗ ਸੈਕਟਰ ਲਈ ਐਲਾਨ ਕੀਤੇ ਪਰ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਲੱਖਾਂ ਮਜ਼ਦੂਰਾਂ ਲਈ ਵਿੱਤੀ ਸਹਾਇਤਾ ਦਾ ਜ਼ਿਕਰ ਤਕ ਨਹੀਂ ਕੀਤਾ। ਵਿੱਤੀ ਪੈਕੇਜ ਦੇ ਐਲਾਨ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ‘ਜਾਨ ਦੇ ਨਾਲ ਜਹਾਨ ਹੈ’ ਦੇ ਸੰਦੇਸ਼ ਤੋਂ ਪਰ੍ਹਾਂ ਦੱਸਦਿਆਂ ਕਿਹਾ ਕਿ ਵਿੱਤ ਮੰਤਰੀ ਦੇ ਐਲਾਨਾਂ ‘ਚ ਤਾਂ ਕੇਂਦਰ ਦਾ ਲੋਕਾਂ ਦੀ ਜਾਨ ਬਚਾਉਣ ਦਾ ਇਰਾਦਾ ਨਜ਼ਰ ਨਹੀਂ ਆਉਂਦਾ।

    ਕੈਪਟਨ ਨੇ ਕਿਹਾ ਕਿ ਐੱਮਐੱਸਐੱਮਈ ਤੇ ਹਾਊਸਿੰਗ ਖੇਤਰ ਨੂੰ ਪਹਿਲਾਂ ਆਪਣੀ ਹੋਂਦ ਬਚਾਉਣੀ ਹੈ ਤਾਂ ਇਸ ਦੇ ਮੁੜ ਸੁਰਜੀਤ ਬਾਰੇ ਸੋਚਿਆ ਜਾ ਸਕਦਾ ਹੈ। ਦਰਅਸਲ ਵੱਡੀ ਗਿਣਤੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਜਿਸ ਦੇ ਚੱਲਦਿਆਂ ਐੱਮਐੱਸਐੱਮਈ ਖੇਤਰ ਸਾਹਮਣੇ ਵੱਡੀ ਚੁਣੌਤੀ ਹੈ।

    ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਤਾਂ ਐੱਮਐੱਸਐੱਮਈ ਨੂੰ ਦਿੱਤਾ ਵਿੱਤੀ ਪੈਕੇਜ ਵੀ ਨਾਕਾਫੀ ਲੱਗਦਾ ਹੈ। ਕੇਂਦਰ ਨੇ ਉਨ੍ਹਾਂ ਲਈ ਬੇਲ ਆਊਟ ਪੈਕੇਜ ਦੀ ਥਾਂ ਕਰਜ਼ ਦੀ ਵਿਵਸਥਾ ਕੀਤੀ ਹੈ ਜੋ ਉਨ੍ਹਾਂ ਤੇ ਬੋਝ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਇਕੱਲੇ ਪੰਜਾਬ ‘ਚ ਹੀ 2.52 ਲੱਖ ਉਦਯੋਗਿਕ ਇਕਾਈਆਂ ਹਨ ਜਿਨ੍ਹਾਂ ‘ਚ ਸਿਰਫ਼ 1000 ਵੱਡੀਆਂ ਇਕਾਈਆਂ ਹਨ। ਅਜਿਹੇ ‘ਚ ਐੱਮਐੱਸਐੱਮਈ ਲਈ ਕੇਂਦਰ ਨੂੰ ਕਾਫ਼ੀ ਵੱਡਾ ਪੈਕੇਜ ਦੇਣ ਦੀ ਲੋੜ ਹੈ।

    LEAVE A REPLY

    Please enter your comment!
    Please enter your name here