ਡੇਰਾ ਵਿਵਾਦ ‘ਤੇ ਕਾਂਗਰਸ ਨੇ ਘੇਰਿਆ ਅਕਾਲੀ ਦਲ !

    0
    117

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਕੁਲਬੀਰ ਜੀਰਾ, ਬਰਿੰਦਰਮੀਤ ਪਾਹੜਾ ਤੇ ਦਲਜੀਤ ਗਿਲਜੀਆਂ ਸਮੇਤ ਮੀਡੀਆ ਸਾਹਮਣੇ ਆਏ, ਜਾਖੜ ਦੇ ਹੱਥ ‘ਚ ਕੁੱਝ ਦਸਤਾਵੇਜ਼ ਸਨ, ਜਿੰਨਾ ਦੇ ਹਵਾਲੇ ਨਾਲ ਜਾਖੜ ਨੇ ਡੇਰਾ ਤੇ ਅਕਾਲੀ ਦਲ ਵਿਚਕਾਰ ਗੰਢ ਤੁੱਪ ਸਾਬਤ ਕਰਨ ਦਾ ਦਾਅਵਾ ਕੀਤਾ। ਜਾਖੜ ਨੇ ਰਾਮ ਰਹੀਮ ਖ਼ਿਲਾਫ਼ 2007 ਚ ਗੁਰੂ ਸਾਹਿਬ ਦਾ ਸਵਾਂਗ ਰਚਾਉਣ ‘ਤੇ ਦਰਜ ਮੁਕੱਦਮੇ ਬਾਰੇ ਦਾਅਵਾ ਕੀਤਾ ਕਿ ਖ਼ੁਦ ਹੀ ਪਰਚਾ ਦਰਜ ਕਰ, ਫਿਰ ਸਿਆਸੀ ਲਾਹਾ ਲੈਣ ਲਈ ਖ਼ੁਦ ਹੀ ਖਾਰਜ ਕਰਵਾ ਦਿੱਤਾ।

    ਦਾਅਵੇ ਮੁਤਾਬਕ 11 ਮਈ 2007 ਨੂੰ ਡੇਰਾ ਮੁਖੀ ਨੇ ਗੁਰੂ ਸਾਹਿਬ ਦੀ ਨਕਲ ਕਰਦਿਆਂ ਸਵਾਂਗ ਰਚਾਇਆ ਤੇ ਖ਼ੁਦ ਨੂੰ ਗੁਰੂ ਐਲਾਨਦਿਆਂ ਵੱਖਰਾ ਇੰਸਾ ਧਰਮ ਬਨਾਉਣ ਦਾ ਐਲਾਨ ਕੀਤਾ, ਇਸ ਦੌਰਾਨ ਉਸ ਨੇ ਦਸਮ ਪਿਤਾ ਦੀ ਹਰ ਪੱਖੋਂ ਨਕਲ ਉਤਾਰਨ ਦੀ ਸਾਜਿਸ਼ ਕੀਤੀ।

    ਇਸੇ ਗੁਨਾਹ ਦੇ ਚੱਲਦਿਆ 20 ਮਈ 2007 ਨੂੰ ਸਮੇਂ ਦੀ ਸਰਕਾਰ ਨੇ ਆਈ ਜੀ ਪਟਿਆਲਾ ਦੀ ਜਾਂਚ ਰਿਪੋਰਟ ਦੇ ਅਧਾਰ ਤੇ ਪਖੰਡੀ ਖ਼ਿਲਾਫ਼ 295 ਤਹਿਤ ਪਰਚਾ ਦਰਜ ਕੀਤਾ, ਮਗਰੋਂ ਜਾਂਚ ਦੌਰਾਨ ਵਾਧਾ ਜੁਰਮ ਅਧੀਨ ਧਾਰਾ 298, 153 ਏ ਕੀਤਾ ਗਿਆ। ਮੁਕੱਦਮਾ ਚਲਾਉਣ ਦੀ ਖ਼ਾਸ ਮਨਜ਼ੂਰੀ ਗਵਰਨਰ ਪੰਜਾਬ ਤੋਂ ਵੀ ਲਈ ਗਈ। ਕੇਸ ਪੂਰਾ ਮਜ਼ਬੂਤ ਸੀ, ਉਸ ਵੇਲੇ ਸਰਕਾਰ ਨੇ ਵੀ ਹਾਈਕੋਰਟ ‘ਚ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਸੀ।

    ਪਰ ਅਚਾਨਕ ਸਭ ਕੁੱਝ ਬਦਲ ਗਿਆ ਤੇ ਪੁਲਿਸ 2012 ਦੀਆਂ ਚੋਣਾਂ ਤੋਂ ਐਣ ਪਹਿਲਾਂ ਅਦਾਲਤ ਸਾਹਮਣੇ ਰਾਮ ਰਹੀਮ ਨੂੰ ਬੇਗੁਨਾਹ ਦੱਸਦਿਆਂ ਪਰਚੇ ਦੀ ਕੈਂਸਲੇਸ਼ਨ ਰਿਪੋਰਟ ਦਾਇਰ ਕਰ ਦਿੰਦੀ ਹੈ। ਰਿਪੋਰਟ ‘ਚ ਪੁਲਿਸ ਆਪਣੇ ਪੁਰਾਣੇ ਸਾਰੇ ਤੱਥਾਂ ਦੇ ਬਿਲਕੁਲ ਉਲਟ ਦਾਅਵਾ ਕਰਦੀ ਹੈ ਕਿ ਨਾ ਡੇਰੇ ‘ਚ ਕੋਈ ਸਮਾਗਮ ਹੋਇਆ, ਨਾ ਰਾਮ ਰਹੀਮ ਸਲਾਬਤਪੁਰਾ ਆਇਆ ਤੇ ਨਾ ਹੀ ਪ੍ਰਚਾਰ ਕੀਤਾ। ਨਤੀਜਾ ਇਹ ਕਿ ਡੇਰਾ ਮੁਖੀ ਖਿਲਾਫ਼ ਮੁਕੱਦਮਾ ਰੱਦ ਹੋ ਗਿਆ।

    ਕਾਂਗਰਸ ਦਾ ਇਲਜ਼ਾਮ ਹੈ ਕਿ ਇਹ ਸਾਰਾ ਘਟਨਾਕ੍ਰਮ ਅਕਾਲੀਆਂ ਤੇ ਡੇਰੇ ਦੀ ਮਿਲੀਭੁਗਤ ਕਾਰਨ ਵਾਪਰਿਆ। ਇਲਜ਼ਾਮ ਪਾਰਟੀ ਪ੍ਧਾਨ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ‘ਤੇ ਹਨ। ਦੂਜੇ ਪਾਸੇ ਅਕਾਲੀ ਦਲ ਨੇ ਸਾਰੇ ਇਲਜ਼ਾਮਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ, ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਜਾਖੜ ਨੂੰ ਚੈਲੇਂਜ ਕਰਦਿਆਂ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ ਦੋਸ਼ੀ ਹੈ ਤਾਂ ਕਾਰਵਾਈ ਕਿਉਂ ਨਹੀਂ ਕੀਤੀ, ਪਿਛਲੇ ਤਿੰਨਾਂ ਸਾਲਾਂ ਤੋਂ ਜਿਆਦਾ ਸਮਾਂ ਬੀਤਣ ਮਗਰੋਂ ਵੀ ਕੁੱਝ ਕਰਨ ਦੀ ਥਾਂ ਸਿਰਫ਼ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੂੜ ਪ੍ਰਚਾਰ ਹੀ ਕਿਉਂ ਕੀਤਾ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here