ਕੇਂਦਰ ਸਰਕਾਰ ਵੱਲੋਂ ਕੋਰੋਨਾ ਨਾਲ ਜੰਗ ਵਾਸਤੇ ਵੱਡੇ ਐਮਰਜੈਂਸੀ ਪੈਕੇਜ ਦਾ ਐਲਾਨ !

    0
    161

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਜੰਗ ਵਾਸਤੇ ਵੱਡੇ ਐਮਰਜੈਂਸੀ ਪੈਕੇਜ ਦਾ ਐਲਾਨ ਕੀਤਾ ਹੈ। ‘ਇੰਡੀਆ ਕੋਵਿਡ-19 ਐਮਰਜੈਂਸੀ ਰਿਸਪੋਂਸ ਐਂਡ ਹੈਲਥ ਸਿਸਟਮ ਪ੍ਰੀਪੇਅਰਡਨੈਸ ਪੈਕਜ’ ਦਾ ਮਕਸਦ ਦੇਸ਼ ਭਰ ਵਿਚ ਕੌਮੀ ਤੇ ਸੂਬਾਈ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਹੈ। ਇਸਦੀ 100 ਫ਼ੀਸਦੀ ਫੰਡਿੰਗ ਕੇਂਦਰ ਸਰਕਾਰ ਵੱਲੋਂ ਹੋਵੇਗੀ।

    ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਵੰਦਨਾ ਗੁਰਨਾਨੀ ਵੱਲੋਂ ਹਸਤਾਖ਼ਰ ਕੀਤੇ ਇਕ ਸਰਕੁਲਰ ਮੁਤਾਬਕ 100 ਫ਼ੀਸਦੀ ਕੇਂਦਰ ਸਰਕਾਰ ਦੇ ਫੰਡਾਂ ਦਾ ਇਹ ਪ੍ਰਾਜੈਕਟ ਦੇਸ਼ ਵਿਚ ਜਨਵਰੀ 2020 ਤੋਂ ਮਾਰਚ 2024 ਤੱਕ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਇਸਦਾ ਮੁੱਖ ਮਕਸਦ ਕੋਰੋਨਾ ਨਾਲ ਜੰਗ ਲਈ ਕੌਮੀ ਤੇ ਸੂਬਾਈ ਸਿਹਤ ਸਹੂਲਤਾਂ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਵਿਚ ਬਿਮਾਰੀ ਦੀ ਰੋਕਥਾਮ, ਇਲਾਜ਼ ਲਈ ਤਿਆਰੀ, ਮੈਡੀਕਲ ਸਾਜ਼ੋ-ਸਮਾਨ ਦੀ ਖ਼ਰੀਦ, ਦਵਾਈਆਂ, ਸਰਵੀਲੈਂਸ ਗਤੀਵਿਧੀਆਂ ਮਜ਼ਬੂਤ ਕਰਨਾ, ਲੈਬਾਰਟਰੀਆਂ ਸਥਾਪਿਤ ਕਰਨਾ ਤੇ ਬਾਇਓ ਸਕਿਓਰਿਟੀ ਦੀ ਤਿਆਰੀ ਸ਼ਾਮਲ ਕੀਤੇ ਗਏ ਹਨ।
    ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰਾਂ, ਕਮਿਸ਼ਨਰ ਸਿਹਤ ਨੂੰ ਲਿਖੇ ਪੱਤਰ ਵਿਚ ਆਖਿਆ ਗਿਆ ਹੈ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਸ ਪੈਕੇਜ ਤਹਿਤ ਤੁਹਾਡੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਇਸ ਪੈਕੇਜ ਦੇ ਪਹਿਲੇ ਪੜਾਅ ਜੂਨ 2020 ਤੱਕ ਲਈ ਤੁਰੰਤ ਫੰਡ ਜਾਰੀ ਕਰ ਰਿਹਾ ਹੈ। ਪਹਿਲੇ ਪੜਾਅ ਵਿਚ ਤਹਿਤ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੋਰੋਨਾ ਦੇ ਟਾਕਰੇ ਲਈ ਕੋਰੋਨਾ ਸਮਰਪਿਤ ਹਸਪਤਾਲ ਤੇ ਹੋਰ ਹਸਪਤਾਲ ਬਣਾਏ ਜਾਣਗੇ, ਆਈਸੋਲੇਸ਼ਨ ਬਲਾਕ ਤੇ ਨੈਗੇਟਿਵ ਪ੍ਰੈਸ਼ਰ ਆਈਸੋਲਸ਼ਨ ਰੂਮ ਬਣਾਏ ਜਾਣਗੇ, ਆਈ ਸੀ ਯੂ ਤਿਆਰ ਕੀਤੇ ਜਾਣਗੇ ਜੋ ਵੈਂਟੀਲੇਟਰ ਨਾਲ ਲੈਸ ਹੋਣਗੇ, ਹਸਪਤਾਲਾਂ ਵਿਚ ਆਕਸੀਜਨ ਸਪਲਾਈ ਕੀਤੀ ਜਾਵੇਗੀ, ਹਸਪਤਾਲਾਂ ਵਿਚ ਲੈਬਾਟਰੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ, ਵਧੇਰੇ ਮਨੁੱਖੀ ਸਰੋਤ ਕੰਮ ‘ਤੇ ਰੱਖੇ ਜਾਣਗੇ, ਮਨੁੱਖੀ ਸਰੋਤ ਤੇ ਕਮਿਊਨਿਟੀ ਹੈਲਥ ਵਾਲੰਟੀਅਰਜ਼ ਨੂੰ ਇੰਸੈਂਟਿਵ ਦਿੱਤੇ ਜਾਣਗੇ।

    ਇਹ ਪੈਕੇਜ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ (ਪੀਪੀਈ) ਕਿੱਟਾਂ, ਐਨ 95 ਮਾਸਕ ਅਤੇ ਵੈਂਟੀਲੇਟਰਾਂ ਦੀ ਖ਼ਰੀਦ ਵਿਚ ਵੀ ਮੱਦਦ ਕਰੇਗਾ। ਇਹ ਮੱਦਦ ਭਾਰਤ ਸਰਕਾਰ ਵੱਲੋਂ ਪਹਿਲਾਂ ਖਰੀਦੇ ਤੇ ਸਪਲਾਈ ਕੀਤੇ ਸਾਜ਼ੋ-ਸਮਾਨ ਤੋਂ ਵੱਖਰੀ ਹੋਵੇਗੀ। ਇਸ ਤੋਂ ਇਲਾਵਾ ਸ਼ਨਾਖ਼ਤ ਕੀਤੀਆਂ ਲੈਬਾਰਟਰੀਆਂ ਨੂੰ ਮਜ਼ਬੂਤ ਕਰਨਾ, ਡਾਇਗਨੋਸਟਿਕਸ ਤੇ ਸਮਰਥਾ ਦਾ ਵਿਸਥਾਰ ਵੀ ਪਹਿਲੇ ਫੇਜ਼ ਵਿਚ ਸ਼ਾਮਲ ਹੋਵੇਗਾ। ਹਸਪਤਾਲਾਂ ਤੇ ਸਰਕਾਰੀ ਐਂਬੂਲੈਂਸਾਂ ਦੀ ਸੈਨੇਟਾਈਜੇਸ਼ਨ ਵੀ ਪਹਿਲੇ ਪੜਾਅ ਵਿਚ ਸ਼ਾਮਲ ਹੋਵੇਗੀ।

    ਇਸ ਪ੍ਰਾਜੈਕਟ ਦੇ ਤਿੰਨ ਪੜਾਅ ਹੋਣਗੇ ਜਿਸ ਵਿਚ ਪਹਿਲਾ ਜਨਵਰੀ 2020 ਤੋਂ ਜੂਨ 2020, ਦੂਜਾ, ਜੁਲਾਈ 2020 ਤੋਂ ਮਾਰਚ 2021 ਅਤੇ ਤੀਜਾ ਅਪ੍ਰੈਲ 2021 ਤੋਂ ਮਾਰਚ 2024 ਹੋਵੇਗਾ।

    LEAVE A REPLY

    Please enter your comment!
    Please enter your name here