Select Page

ਐਨਐਚਐਮ ਮੁਲਾਜ਼ਮਾਂ ਦਾ ਐਲਾਨ, ਜਦੋਂ ਤੱਕ ਰੈਗੂਲਰ ਨਹੀਂ ਹੁੰਦੇ ਜਾਰੀ ਰਹੇਗਾ ਸੰਘਰਸ਼

ਐਨਐਚਐਮ ਮੁਲਾਜ਼ਮਾਂ ਦਾ ਐਲਾਨ, ਜਦੋਂ ਤੱਕ ਰੈਗੂਲਰ ਨਹੀਂ ਹੁੰਦੇ ਜਾਰੀ ਰਹੇਗਾ ਸੰਘਰਸ਼

ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

ਰੈਗੂਲਰ ਹੋਣ ਦੀ ਮੰਗ ਲਈ ਅੱਜ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਲਗਾਤਾਰ ਤੀਜੇ ਦਿਨ ਮੁਕੰਮਲ ਹੜਤਾਲ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਬੀਤੀ ਕੱਲ੍ਹ ਐਨਐਚਐਮ ਇੰਪਲਾਈਜ ਯੂਨੀਅਨ ਦੇ ਆਗੂਆਂ ਨਾਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੀਟਿੰਗ ਕਰਕੇ 15 ਫ਼ੀਸਦ ਸਲਾਨਾ ਵਾਧੇ ਨਾਲ ਮਸਲਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਐਨਐਚਐਮ ਇੰਪਲਾਈਜ ਯੂਨੀਅਨ ਦਾ ਇੱਕ ਵੱਡਾ ਹਿੱਸਾ ਇਸ ਤਰ੍ਹਾਂ ਦੇ ਵਾਧੇ ਨਾਲ ਸਹਿਮਤ ਨਹੀਂ ਹੋਇਆ ਸੀ।

ਐਨਐਚਐਮ ਇੰਪਲਾਈਜ ਯੂਨੀਅਨ ਰੈਗੂਲਰ ਹੋਣ ਦੀ ਆਪਣੀ ਹੱਕੀ ਮੰਗ ਲਈ ਬਜਿੱਦ ਦਿਸ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਪੰਜਾਬ ਦੇ ਕਈ ਬਲਾਕਾਂ ਅਤੇ ਜਿਲ੍ਹਿਆਂ ਵਿੱਚ ਸਿਹਤ ਮੁਲਾਜ਼ਮ ਹੜਤਾਲ ‘ਤੇ ਬੈਠੇ ਨਜ਼ਰ ਆ ਰਹੇ ਹਨ।ਬਰਨਾਲਾ ਵਿਖੇ ਹੜਤਾਲ ‘ਤੇ ਬੈਠੇ ਐਨਐਚਐਮ ਇੰਪਲਾਈਜ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ, ਜਨਰਲ ਸਕੱਤਰ ਗੁਰਦੀਪ ਸਿੰਘ, ਡਾਕਟਰ ਪੂਨਮ, ਸੀਐਚਓ ਸੰਦੀਪ ਕੌਰ ਮੀਤ ਪ੍ਰਧਾਨ, ਵਿੱਤ ਸਕੱਤਰ ਗੁਰਜੀਤ ਸਿੰਘ, ਡਾ. ਗੁਰਵਿੰਦਰ ਸਿੰਘ, ਪ੍ਰੈੱਸ ਸਕੱਤਰ ਹਰਜੀਤ ਸਿੰਘ, ਜੁਝਾਰ ਸਿੰਘ, ਸੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਤਨਖ਼ਾਹਾਂ ਵਿੱਚ ਨਿਗੂਣੇ ਵਾਧੇ ਕਰਕੇ ਉਹਨਾਂ ਨਾਲ ਮਜਾਕ ਕਰ ਰਹੀ ਹੈ ਜਦਕਿ ਉਹ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਮੁਸੀਬਤ ਵਿੱਚ ਪਾ ਕੇ ਕੰਮ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਰੈਗੂਲਰ ਦੀ ਮੰਗ ਤੋਂ ਪਿੱਛੇ ਨਹੀਂ ਹੱਟਣਗੇ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਪੰਜਾਬ ਦੇ ਸੱਦੇ ਤੇ ਅੱਜ ਐਨ.ਆਰ.ਐਚ.ਐਮ. ਇਮਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਸਮੇਤ ਸਾਥੀਆਂ ਦੀ ਮੀਟਿੰਗ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਮੁਤਾਬਿਕ ਇਸ ਮੀਟਿੰਗ ਵਿੱਚ ਸਿਹਤ ਮੰਤਰੀ ਨੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਲਈ ਇਸ ਫ਼ੈਸਲੇ ਤੇ ਆਪਣੀ ਮੁਹਰ ਲਗਾ ਦਿੱਤੀ ਹੈ ਕਿ ਜਦੋਂ ਵੀ ਵਿਭਾਗ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣਗੀਆਂ। ਉਹਨਾਂ ਵਿੱਚੋਂ 50 ਪ੍ਰਤੀਸ਼ਤ ਆਸਾਮੀਆਂ ਤੇ ਸਿੱਧੇ ਤੌਰ ਤੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਇਸ ਦੀ ਕੋਈ ਉਮਰ ਸੀਮਾ ਨਹੀਂ ਹੋਵੇਗੀ।

About The Author

Leave a reply

Your email address will not be published. Required fields are marked *